ਅਜੇ ਮਲਹੋਤਰਾ
ਬਸੀ ਪਠਾਣਾਂ, 3 ਸਤੰਬਰ
ਹਲਕਾ ਬਸੀ ਪਠਾਣਾ ਦੀਆਂ ਸੱਤ ਕੋਆਪਰੇਟਿਵ ਸੁਸਾਇਟੀਆਂ ਦੇ ਕਰੀਬ 328 ਲਾਭਪਾਤਰੀਆਂ ਨੂੰ 21.45 ਲੱਖ ਰੁਪਏ ਦੇ ਕਰਜ਼ਾ ਰਾਹਤ ਦੇ ਚੈੱਕ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਵੱਲੋਂ ਸੌਂਪੇ ਗਏ। ਇਸ ਮੌਕੇ ਕਲੌੜ ਦੇ ਐੱਸਡੀ ਰਿਜ਼ੌਰਟ ਵਿੱਚ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਜੀਪੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੇ ਕਰੀਬ 2.85 ਲੱਖ ਬੇਜ਼ਮੀਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ 520 ਕਰੋੜ ਰੁਪਏ ਦੀ ਕਰਜ਼ਾ ਰਾਹਤ ਦਿੱਤੀ ਜਾ ਰਹੀ ਹੈ, ਜਿਸ ਨਾਲ ਇਸ ਵਰਗ ਨੂੰ ਵੱਡੀ ਰਾਹਤ ਮਿਲੇਗੀ ਤੇ ਉਨ੍ਹਾਂ ਦੀ ਜ਼ਿੰਦਗੀ ਬਿਹਤਰ ਬਣ ਸਕੇਗੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਨ੍ਹਾਂ ਸਾਰੇ ਵਰਗਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ ਹੈ, ਜਿਸ ਲਈ ਦਿਨ ਰਾਤ ਯਤਨ ਜਾਰੀ ਹਨ। ਇਸ ਮੌਕੇ ਡੀਆਰ ਅਭਿਤੇਸ਼ ਸੰਧੂ, ਏਆਰ ਰਮਨ ਕੁਮਾਰ, ਚੇਅਰਮੈਨ ਮਾਰਕੀਟ ਕਮੇਟੀ ਸਤਵੀਰ ਸਿੰਘ ਨੌਗਾਵਾਂ, ਰਣਜੀਤ ਸਿੰਘ ਕਲੌੜ, ਗਿਆਨ ਸਿੰਘ ਰੈਲੋਂ, ਮਨਜੀਤ ਸਿੰਘ ਸਰਪੰਚ, ਲਖਵੀਰ ਸਿੰਘ ਲਛਮਣਗੜ੍ਹ, ਇੰਸਪੈਕਟਰ ਹਰਮਨਦੀਪ ਬੱਲ, ਸ਼ਮਿੰਦਰ ਸਿੰਘ, ਹਰਮਨਦੀਪ ਕੌਰ ਤੇ ਕਿਸਾਨ ਤੇ ਖੇਤ ਮਜ਼ਦੂਰ ਹਾਜ਼ਰ ਸਨ।