ਲੁਧਿਆਣਾ (ਗਗਨਦੀਪ ਅਰੋੜਾ): ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੇ ਕਤਲ ਤੋਂ ਬਾਅਦ ਵਿਦੇਸ਼ਾਂ ਤੋਂ ਲਗਾਤਾਰ ਕਈ ਅਹਿਮ ਹਸਤੀਆਂ ਨੂੰ ਧਮਕੀਆਂ ਭਰੇ ਫੋਨ ਆ ਰਹੇ ਹਨ। ਲੁਧਿਆਣਾ ਦੇ ਲੋਕ ਸਭਾ ਮੈਂਬਰ ਤੇ ਕਾਂਗਰਸੀ ਆਗੂ ਰਵਨੀਤ ਸਿੰਘ ਬਿੱਟੂ ਨੂੰ ਵੀ ਅੱਜ ਫੋਨ ’ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਹ ਕਾਲ ਵਟਸਐਪ ਰਾਹੀਂ ਵਿਦੇਸ਼ ਤੋਂ ਕੀਤੀ ਗਈ ਹੈ ਤੇ ਫੋਨ ਕਰਨ ਵਾਲੇ ਨੇ ਕਿਹਾ ਕਿ, ‘ਹੁਣ ਅਗਲਾ ਨੰਬਰ ਬਿੱਟੂ ਦਾ ਹੈ।’ ਇਸ ਤੋਂ ਬਾਅਦ ਸੰਸਦ ਮੈਂਬਰ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੈ। ਵੇਰਵਿਆਂ ਮੁਤਾਬਕ ਵਟਸਐਪ ਗਰੁੱਪ ਕਾਲਿੰਗ ’ਚ ਧਮਕੀਆਂ ਦੇਣ ਵਾਲਿਆਂ ਨੇ ਸਭ ਤੋਂ ਪਹਿਲਾਂ ਸ਼ਿਵ ਸੈਨਾ ਆਗੂ ਸੰਦੀਪ ਥਾਪਰ ਗੋਰਾ ਤੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੂੰ ਵੀ ਧਮਕੀਆਂ ਦਿੱਤੀਆਂ ਹਨ। ਗਰੁੱਪ ਕਾਲਿੰਗ ’ਚ ਲੋਕ ਸਭਾ ਮੈਂਬਰ ਬਿੱਟੂ ਨੇ ਫੋਨ ਕਰਨ ਵਾਲਿਆਂ ਤੋਂ ਉਨ੍ਹਾਂ ਦੀ ਪਛਾਣ ਪੁੱਛੀ ਪਰ ਧਮਕੀਆਂ ਦੇਣ ਵਾਲਾ ਸਿਰਫ਼ ਗਾਲਾਂ ਕੱਢਦਾ ਰਿਹਾ। ਉਸ ਦਾ ਕਹਿਣਾ ਸੀ ਕਿ ਸੰਸਦ ਮੈਂਬਰ ਦਾ ਹਾਲ ਵੀ ਸਿੱਧੂ ਮੂਸੇਵਾਲਾ ਵਰਗਾ ਹੋਵੇਗਾ। ਪ੍ਰਸ਼ਾਸਨ ਵੱਲੋਂ ਹੁਣ ਲੋਕ ਸਭਾ ਮੈਂਬਰ ਬਿੱਟੂ ਦੀ ਸੁਰੱਖਿਆ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਹਾਲਾਂਕਿ ਉਨ੍ਹਾਂ ਕੋਲ ਪਹਿਲਾਂ ਹੀ ਜ਼ੈੱਡ ਪਲੱਸ ਸੁਰੱਖਿਆ ਹੈ। ਰਵਨੀਤ ਬਿੱਟੂ ਨੇ ਇਸ ਬਾਰੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਵੀ ਜਾਣੂ ਕਰਾਇਆ ਹੈ। ਇਸ ਤੋਂ ਇਲਾਵਾ ਸੰਦੀਪ ਥਾਪਰ ਗੋਰਾ ਨੇ ਵੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੈ।