ਪੱਤਰ ਪ੍ਰੇਰਕ
ਚੋਹਲਾ ਸਾਹਿਬ, 17 ਅਕਤੂਬਰ
ਇੱਥੇ ਥਾਣਾ ਚੋਹਲਾ ਸਾਹਿਬ ਅਧੀਨ ਪੈਂਦੇ ਪਿੰਡ ਮਰਹਾਣਾ ਵਿੱਚ ਇਕ ਨੌਜਵਾਨ ਦੀ ਨਸ਼ਾ ਛੁਡਾਊ ਦਵਾਈ ਦੀ ਵੱਧ ਮਾਤਰਾ ਲੈਣ ਮਗਰੋਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਸਿਕੰਦਰਜੀਤ ਸਿੰਘ (29) ਪੁੱਤਰ ਨਿਰਮਲ ਸਿੰਘ ਵਾਸੀ ਮਰਹਾਣਾ ਵਜੋਂ ਹੋਈ ਹੈ। ਮ੍ਰਿਤਕ ਦੇ ਰਿਸ਼ਤੇਦਾਰ ਬਿਕਰਮਜੀਤ ਸਿੰਘ ਅਤੇ ਵਿਪਨਦੀਪ ਸਿੰਘ ਨੇ ਦੱਸਿਆ ਕਿ ਸਿਕੰਦਰਜੀਤ ਨਸ਼ੇ ਦਾ ਆਦੀ ਸੀ ਤੇ ਉਹ ਰੋਜ਼ਾਨਾ ਨਸ਼ਾ ਛੁਡਾਊ ਕੇਂਦਰ ਵਿੱਚੋਂ ਨਸ਼ਾ ਛੱਡਣ ਦੀ ਦਵਾਈ ਲੈ ਕੇ ਆਉਂਦਾ ਸੀ। ਬੀਤੇ ਦਿਨ ਨਸ਼ਾ ਛੁਡਾਊ ਕੇਂਦਰ ’ਚੋਂ ਲਿਆਂਦੀ ਦਵਾਈ ਦੀ ਵੱਧ ਮਾਤਰਾ ਲੈਣ ਕਾਰਨ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਸਿਕੰਦਰਜੀਤ ਦੇ ਪਿਤਾ ਦੀ ਵੀ ਕੁਝ ਚਿਰ ਪਹਿਲਾਂ ਮੌਤ ਹੋ ਚੁੱਕੀ ਹੈ ਤੇ ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਮ੍ਰਿਤਕ ਦੇ ਪਰਿਵਾਰ ਨੇ ਪੁਲੀਸ ਕਾਰਵਾਈ ਤੋਂ ਇਨਕਾਰ ਕੀਤਾ ਹੈ।