ਪੱਤਰ ਪ੍ਰੇਰਕ
ਲੰਬੀ, 28 ਮਈ
ਸਥਾਨਕ ਮਾਲਵਾ ਰੋਡ ’ਤੇ ਸਰਕਾਰੀ ਐਲੀਮੈਂਟਰੀ ਸਕੂਲ ਦੀ ਇਮਾਰਤ ਵਿਚ ਰਹਿੰਦੇ 25 ਸਾਲਾ ਨੌਜਵਾਨ ਦੀ ਅੱਜ ਸਵੇਰੇ ਨਸ਼ੇ ਦਾ ਟੀਕਾ ਲਾਉਣ ਕਰਕੇ ਮੌਤ ਹੋ ਗਈ। ਮ੍ਰਿਤਕ ਦੀ ਸ਼ਨਾਖ਼ਤ ਮਜ਼ਦੂਰ ਹੁਸਨਦੀਪ ਸਿੰਘ ਵਾਸੀ ਬੇਅੰਤ ਸਿੰਘ ਨਗਰ ਬਠਿੰਡਾ ਵਜੋਂ ਹੋਈ। ਉਸ ਦੇ ਪਰਿਵਾਰ ’ਚ ਪਤਨੀ, 7 ਸਾਲਾ ਲੜਕੀ ਤੇ 6 ਸਾਲਾ ਲੜਕਾ ਹੈ। ਮ੍ਰਿਤਕ ਦੀ ਪਤਨੀ ਮਨਪ੍ਰੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਕਰੀਬ 5 ਸਾਲ ਤੋਂ ਨਸ਼ੇ ਕਰਦਾ ਸੀ। ਉਹ ਹੈਰੋਇਨ ਤੇ ਨਸ਼ੇ ਦੀਆਂ ਗੋਲੀਆਂ ਘੋਲ ਕੇ ਟੀਕਾ ਲਾਉਂਦਾ ਸੀ। ਉਸ ਨੇ ਨਸ਼ਿਆਂ ਕਾਰਨ ਘਰ ਦਾ ਸਾਰਾ ਸਾਮਾਨ ਵੇਚ ਦਿੱਤਾ ਸੀ। ਮਨਪ੍ਰੀਤ ਅਨੁਸਾਰ ਹੁਸਨਦੀਪ ਦੱਸਦਾ ਸੀ ਕਿ ਉਹ ਇਹ ਨਸ਼ਾ ਤਰਸੇਮ ਸਿੰਘ ਵਾਸੀ ਕਿੱਲਿਆਂਵਾਲੀ ਤੋਂ ਖਰੀਦਦਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਤਰਸੇਮ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।