ਗੁਰਦੀਪ ਸਿੰਘ ਲਾਲੀ
ਸੰਗਰੂਰ, 28 ਮਈ
ਪਿਛਲੇ ਕਰੀਬ ਛੇ ਦਹਾਕਿਆਂ ਤੋਂ ਸੱਪ ਦੇ ਡੱਸੇ ਦਾ ਮੁਫ਼ਤ ਇਲਾਜ ਕਰ ਕੇ ਪੰਜਾਬ ਦੇ ਹਜ਼ਾਰਾਂ ਲੋਕਾਂ ਦੀ ਜਾਨ ਬਚਾਉਣ ਵਾਲੇ ਸਮਾਜ ਸੇਵੀ ਵੈਦ ਮਹਿੰਦਰ ਸਿੰਘ ਬਡਰੁੱਖਾਂ ਦਾ ਬੀਤੀ ਰਾਤ ਦੇਹਾਂਤ ਹੋ ਗਿਆ ਹੈ। ਉਹ ਕਰੀਬ 94 ਵਰ੍ਹਿਆਂ ਦੇ ਸਨ ਤੇ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ। ਸੋਸ਼ਲ ਮੀਡੀਆ ’ਤੇ ਵੀ ਵੈਦ ਮਹਿੰਦਰ ਸਿੰਘ ਦੇ ਸਦੀਵੀਂ ਵਿਛੋੜੇ ’ਤੇ ਦੁੱਖ ਪ੍ਰਗਟ ਕਰਦਿਆਂ ਲੋਕ ਉਨ੍ਹਾਂ ਦੇ ਉਮਰ ਭਰ ਲੋਕ ਭਲਾਈ ਲਈ ਕੀਤੇ ਇਸ ਮਹਾਨ ਕਾਰਜ ਨੂੰ ਸਲਾਮ ਕਰ ਰਹੇ ਹਨ। ਇਥੋਂ ਦੇ ਨੇੜਲੇ ਪਿੰਡ ਬਡਰੁੱਖਾਂ ਵਿੱਚ ਅੱਜ ਉਨ੍ਹਾਂ ਦੇ ਸਸਕਾਰ ਮੌਕੇ ਵੱਡੀ ਗਿਣਤੀ ਲੋਕ ਪਹੁੰਚੇ ਹੋਏ ਸਨ। ਜਾਣਕਾਰੀ ਅਨੁਸਾਰ ਪਿਛਲੇ 24 ਸਾਲਾਂ ਦੌਰਾਨ ਉਹ ਕਰੀਬ 70 ਹਜ਼ਾਰ ਲੋਕਾਂ ਦਾ ਇਲਾਜ ਕਰ ਚੁੱਕੇ ਹਨ ਜਦੋਂਕਿ ਉਸ ਤੋਂ ਪਹਿਲਾਂ ਕਈ ਦਹਾਕੇ ਕੀਤੇ ਇਲਾਜ ਦਾ ਕੋਈ ਰਿਕਾਰਡ ਨਹੀਂ ਰੱਖਿਆ। ਕਈ ਵਾਰੀ ਇੱਕ ਰਾਤ ’ਚ ਹੀ ਸੱਪ ਦੇ ਡੱਸੇ ਦੇ 25/25 ਕੇਸ ਆ ਜਾਂਦੇ ਸੀ ਤੇ ਵੈਦ ਜੀ ਰਾਤ ਜਾਗ ਕੇ ਸੇਵਾ ਕਰਦੇ ਸਨ। ਉਹ ਆਪਣੇ ਪੁੱਤਰਾਂ ਨੂੰ ਵੀ ਇਲਾਜ ਦਾ ਗੁਰ ਸਿਖਾ ਗਏ ਹਨ। ਅੱਜ ਵੀ ਇੱਕ ਪਾਸੇ ਵੈਦ ਮਹਿੰਦਰ ਸਿੰਘ ਦਾ ਸਸਕਾਰ ਹੋ ਰਿਹਾ ਸੀ ਤਾਂ ਕੁੱਝ ਲੋਕ ਸੱਪ ਦੇ ਡੱਸੇ ਵਿਅਕਤੀ ਨੂੰ ਲੈ ਕੇ ਪੁੱਜ ਗਏ ਸਨ ਤੇ ਪਰਿਵਾਰ ਨੇ ਇਲਾਜ ਨੂੰ ਤਰਜੀਹ ਦਿੱਤੀ। ਵੈਦ ਜੀ ਨੂੰ 1997 ’ਚ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਸਨਮਾਨਿਆ ਗਿਆ ਸੀ।