ਨਿੱਜੀ ਪੱਤਰ ਪ੍ਰੇਰਕ
ਜਲੰਧਰ, 18 ਮਈ
ਸਿੱਖ ਵਿਦਵਾਨ ਤੇ ਸਾਹਿਤਕਾਰ ਨਰਿੰਜਨ ਸਿੰਘ ਸਾਥੀ (90) ਦਾ ਅੱਜ ਤੜਕੇ ਤਿੰਨ ਵਜੇ ਇੱਥੋਂ ਦੇ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦਾ ਸਸਕਾਰ ਮਾਡਲ ਟਾਊਨ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ। ਉਹ ਸਿੱਖ ਇਤਿਹਾਸ ਅਤੇ ਗੁਰਬਾਣੀ ਬਾਰੇ ਡੂੰਘੀ ਸਮਝ ਰੱਖਦੇ ਸਨ। ਉਨ੍ਹਾਂ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਕਈ ਕਿਤਾਬਾਂ ਪਾਈਆਂ। ਉਨ੍ਹਾਂ ਵੱਲੋਂ ਰਚੀਆਂ ਧਾਰਮਿਕ ਕਾਵਿਤਾਵਾਂ ‘ਪੰਥਕ ਹਲੂਣੇ’ ਅਤੇ ‘ਟੁੱਟੀਆਂ ਜ਼ੰਜੀਰਾਂ’ ਅੱਜ ਵੀ ਪਾਠਕਾਂ ਦੇ ਦਿਲਾਂ ਨੂੰ ਟੁੰਭਦੀਆਂ ਹਨ। ਉਨ੍ਹਾਂ ਗੁਰੂ ਗੋਬਿੰਦ ਸਿੰਘ ਦੀ ਜੀਵਨੀ ਅਤੇ ਕਾਰਜਾਂ ਬਾਰੇ 900 ਪੰਨਿਆਂ ਦਾ ਗ੍ਰੰਥ ‘ਚਰਨ ਚਲਉ ਮਾਰਗਿ ਗੋਬਿੰਦ’ ਲਿਖਿਆ ਅਤੇ ਕਈ ਪੁਸਤਕਾਂ ਦਾ ਪੰਜਾਬੀ ਵਿਚ ਅਨੁਵਾਦ ਵੀ ਕੀਤਾ। ਉਹ ਲੰਮਾ ਸਮਾਂ ‘ਅਜੀਤ’ ਵਿੱਚ ਵੀ ਕੰਮ ਕਰਦੇ ਰਹੇ। ਫਿਲਹਾਲ ਉਹ ਮਾਡਲ ਟਾਊਨ ਦੇ ਗੁਰੂ ਨਗਰ ’ਚ ਆਪਣੇ ਪੁੱਤਰ ਨਾਲ ਰਹਿ ਰਹੇ ਸਨ। ਉਨ੍ਹਾਂ ਦੀ ਪਤਨੀ ਦਾ ਦੋ ਸਾਲ ਪਹਿਲਾਂ ਦੇਹਾਂਤ ਹੋਇਆ ਸੀ।
ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ (ਪੱਤਰ ਪ੍ਰੇਰਕ): ਕੇਂਦਰੀ ਪੰਜਾਬੀ ਲੇਖਕ ਸਭਾ ਨੇ ਇਤਿਹਾਸਕਾਰ ਨਰਿੰਜਨ ਸਿੰਘ ਸਾਥੀ ਦੇ ਦੇਹਾਂਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਦੱਸਿਆ ਕਿ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਮੋਢੀ ਮੈਂਬਰਾਂ ’ਚੋਂ ਇੱਕ ਨਰਿੰਜਨ ਸਿੰਘ ਸਭਾ ਦੇ ਜਨਰਲ ਸਕੱਤਰ ਵੀ ਰਹੇ। ਉਹ ਲੰਮੇ ਸਮੇਂ ਤੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜੀਵਨ ਮੈਂਬਰ ਸਨ। ਉਹ ਪੰਜਾਬ ਦੇ ਸਿੱਖਿਆ ਵਿਭਾਗ ਪੰਜਾਬ ’ਚੋਂ ਸੇਵਾਮੁਕਤ ਹੋ ਕੇ ਜਲੰਧਰ ਰਹਿਣ ਲੱਗ ਪਏ। ਉਨ੍ਹਾਂ ਕਿਹਾ ਕਿ ਸਾਥੀ ਦੇ ਚਲੇ ਜਾਣ ਨਾਲ ਸਾਹਿਤ ਜਗਤ ਨੂੰ ਵੱਡਾ ਘਾਟਾ ਪਿਆ ਹੈ।