ਪੱਤਰ ਪ੍ਰੇਰਕ
ਅੰਮ੍ਰਿਤਸਰ, 16 ਮਾਰਚ
ਪੰਜਾਬੀ ਦੇ ਚਰਚਿਤ ਕਵੀ, ਪੁਰਾਤੱਤਵ ਖੇਤਰ ਦੇ ਖੋਜੀ ਅਤੇ ਲੋਕਧਾਰਾਈ ਸਮੱਗਰੀ ਇਕੱਠੀ ਕਰਨ ਵਾਲੇ ਦੇਵ ਦਰਦ ਦਾ ਦੇਹਾਂਤ ਹੋ ਗਿਆ ਹੈ। ਉਹ ਬੀਤੀ ਰਾਤ ਇੱਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਇਸ ਮੌਕੇ ਕੇਂਦਰੀ ਲੇਖਕ ਸਭਾ, ਜਿ਼ਲ੍ਹਾ ਗੁਰਦਾਸਪੁਰ, ਵਿਰਸਾ ਵਿਹਾਰ ਸੁਸਾਇਟੀ , ਖਾਲਸਾ ਕਾਲਜ ਅੰਮ੍ਰਿਤਸਰ ਅਤੇ ਹੋਰਨਾਂ ਸੰਸਥਾਵਾਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਅੱਜ ਸ਼ਾਮ ਸ੍ਰੀ ਦੇਵ ਦਾ ਇਥੇ ਸ਼ੀਤਲਾ ਮੰਦਰ ਨੇੜੇ ਸਸਕਾਰ ਕਰ ਦਿੱਤਾ ਗਿਆ। ਅਧਿਆਪਨ ਕਾਰਜ ਤੋਂ ਸੇਵਾਮੁਕਤ ਹੋਣ ਮਗਰੋਂ ਉਹ ਆਤਮ ਪਬਲਿਕ ਸਕੂਲ ਦਾ ਸੰਚਾਲਨ ਕਰ ਰਹੇ ਸਨ। ਦੇਵ ਨੂੰ ਪੁਰਾਤਨ ਵਸਤਾਂ, ਹੱਥ ਲਿਖਤਾਂ, ਗ੍ਰੰਥ, ਦੁਰਲਭ ਸਿੱਕੇ ਅਤੇ ਪ੍ਰਾਚੀਨ ਭਾਂਡੇ ਇਕੱਠੇ ਕਰਨ ਦਾ ਸ਼ੌਕ ਸੀ। ਉਨ੍ਹਾਂ ਨੇ ‘ਕਾਲੀਆਂ ਧੁੱਪਾਂ’, ‘ਸ਼ਬਦਾਂ ਦੀ ਵਲਗਣ’, ‘ਪੁਰਵਸ਼ੀ’ ਤੇ ‘ਮਿਜ਼ਰਾਬ’ ਕਾਵਿ ਸੰਗ੍ਰਹਿ ਸਾਹਿਤ ਜਗਤ ਦੀ ਝੋਲੀ ਪਾਏ। ਇਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਸਮੇਤ ਸਭਾ ਦੀ ਸਮੁੱਚੀ ਕਾਰਜਕਾਰਨੀ ਦੇਵ ਦਰਦ ਨੂੰ ਸ਼ਰਧਾ ਸੁਮਨ ਭੇਟ ਕੀਤੇ।