ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ(ਮੁਹਾਲੀ), 5 ਜੂਨ
ਪੁਆਧੀ ਅਖਾੜਾ ਗਾਇਕੀ ਦੇ ਥੰਮ੍ਹ ਰਹੇ ਰੱਬੀ ਬੈਂਰੋਪੁਰੀ ਦਾ ਦੇਹਾਂਤ ਹੋ ਗਿਆ। ਉਹ 84 ਵਰ੍ਹਿਆਂ ਦੇ ਸਨ ਤੇ ਪਿਛਲੇ ਕੁੱਝ ਸਮੇਂ ਤੋਂ ਗੁਰਦਿਆਂ ਤੇ ਦਿਲ ਦੇ ਰੋਗ ਤੋਂ ਪੀੜਤ ਸਨ। ਉਨ੍ਹਾਂ ਦਾ ਸਸਕਾਰ ਐਤਵਾਰ 6 ਜੂਨ ਨੂੰ ਸਵੇਰੇ ਦਸ ਵਜੇ ਪਿੰਡ ਬੈਰੋਂਪੁਰ (ਭਾਗੋ ਮਾਜਰਾ), ਤਹਿਸੀਲ ਮੁਹਾਲੀ ਵਿਖੇ ਹੋਵੇਗਾ। 1937 ਵਿੱਚ ਪਿਤਾ ਤਰਲੋਕ ਸਿੰਘ ਦੇ ਘਰ ਜਨਮੇ ਰੱਬੀ ਬੈਂਰੋਂਪੁਰੀ ਨੇ ਨੌਵੀਂ ਕਲਾਸ ਵਿੱਚ ਲਾਂਡਰਾਂ ਦੇ ਸਰਕਾਰੀ ਸਕੂਲ ਵਿੱਚ ਪੜ੍ਹਦਿਆਂ ਡਾ. ਐੱਮਐੱਸ ਰੰਧਾਵਾ ਦੀ ਹਾਜ਼ਰੀ ਵਾਲੇ ਇੱਕ ਸਮਾਗਮ ਦੌਰਾਨ ਗਾਏ ਗੀਤ ਤੋਂ ਬਾਅਦ ਸ੍ਰੀ ਰੰਧਾਵਾ ਨੇ ਉਨ੍ਹਾਂ ਦੇ ਬਹੁਤ ਵੱਡਾ ਗਾਇਕ ਬਣਨ ਦੀ ਭਵਿੱਖਬਾਣੀ ਕੀਤੀ ਸੀ, ਜਿਸ ਨੇ ਉਨ੍ਹਾਂ ਨੂੰ ਗਾਇਕੀ ਦੇ ਰਾਹ ਤੋਰਿਆ।