ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ(ਮੁਹਾਲੀ), 24 ਫਰਵਰੀ
ਪੰਜਾਬ ਦੇ ਨਾਮਵਰ ਗਾਇਕ ਸਰਦੂਲ ਸਿਕੰਦਰ (60) ਦਾ ਅੱਜ ਸਵੇਰੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ ਦਿਲ, ਗੁਰਦੇ ਤੇ ਸ਼ੂਗਰ ਦੇ ਰੋਗ ਤੋਂ ਇਲਾਵਾ ਕਰੋਨਾ ਤੋਂ ਵੀ ਪੀੜਤ ਸਨ। ਪੰਜ ਕੁ ਵਰ੍ਹੇ ਪਹਿਲਾਂ ਉਨ੍ਹਾਂ ਦੀ ਕਿਡਨੀ ਵੀ ਬਦਲੀ ਗਈ ਸੀ ਤੇ ਉਨ੍ਹਾਂ ਦੀ ਪਤਨੀ ਅਮਰ ਨੂਰੀ ਨੇ ਉਨ੍ਹਾਂ ਨੂੰ ਆਪਣੀ ਕਿਡਨੀ ਦਾਨ ਕੀਤੀ ਸੀ। ਉਹ ਪਿਛਲੇ ਡੇਢ ਮਹੀਨੇ ਤੋਂ ਇਸੇ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ। ਉਨ੍ਹਾਂ ਦੀ ਦੇਹ ਨੂੰ 25 ਫਰਵਰੀ ਨੂੰ ਦੁਪਹਿਰ 2 ਵਜੇ ਉਨ੍ਹਾਂ ਦੇ ਜੱਦੀ ਪਿੰਡ ਖੇੜੀ ਨੌਧ ਸਿੰਘ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਸਪੁਰਦ-ਏ-ਖਾਕ ਕੀਤਾ ਜਾਵੇਗਾ। ਅੱਜ ਉਨ੍ਹਾਂ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਸੰਗੀਤਕਾਰ ਚਰਨਜੀਤ ਆਹੂਜਾ, ਸਚਿਨ ਆਹੂਜਾ, ਅਦਾਕਾਰ ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਬਿੱਟੂ ਖੰਨੇ ਵਾਲਾ, ਸਤਵਿੰਦਰ ਬੁੱਗਾ, ਐਮੀ ਵਿਰਕ, ਹਰਦੀਪ, ਮਾਸਟਰ ਸਲੀਮ, ਫ਼ਿਰੋਜ਼ ਖਾਨ, ਰਣਜੀਤ ਬਾਵਾ ਤੇ ਭੱਟੀ ਭੜ੍ਹੀ ਵਾਲਾ ਸਮੇਤ ਵੱਡੀ ਗਿਣਤੀ ਵਿੱਚ ਗਾਇਕ, ਗੀਤਕਾਰ ਅਤੇ ਹੋਰ ਸਨੇਹੀ ਹਸਪਤਾਲ ਪਹੁੰਚ ਗਏ। ਦੁਪਹਿਰ ਢਾਈ ਕੁ ਵਜੇ ਦੇ ਕਰੀਬ ਉਨ੍ਹਾਂ ਦੀ ਲਾਸ਼ ਨੂੰ ਹਸਪਤਾਲ ਵਿੱਚੋਂ ਵੱਡੇ ਕਾਫ਼ਲੇ ਦੇ ਨਾਲ ਉਨ੍ਹਾਂ ਦੀ ਪਤਨੀ ਅਤੇ ਗਾਇਕਾ ਅਮਰ ਨੂਰੀ, ਉਨ੍ਹਾਂ ਦੇ ਦੋਵੇਂ ਪੁੱਤਰ ਅਲਾਪ ਸਿਕੰਦਰ ਅਤੇ ਸਾਰੰਗ ਸਿਕੰਦਰ ਆਪਣੀ ਖੰਨਾ ਸਥਿਤ ਰਿਹਾਇਸ਼ ਲਈ ਲੈ ਕੇ ਰਵਾਨਾ ਹੋਏ, ਜਿੱਥੇ ਉਨ੍ਹਾਂ ਦੀ ਦੇਹ ਲੋਕਾਂ ਦੇ ਅੰਤਿਮ ਦਰਸ਼ਨਾਂ ਲਈ ਰੱਖੀ ਜਾਵੇਗੀ।
15 ਜਨਵਰੀ 1961 ਨੂੰ ਪਿੰਡ ਖੇੜੀ ਨੌਧ ਸਿੰਘ ਵਿੱਚ ਉੱਘੇ ਤਬਲਾਵਾਦਕ ਸਾਗਰ ਮਸਤਾਨਾ ਦੇ ਘਰ ਜਨਮੇ ਸਰਦੂਲ ਨੂੰ ਗਾਇਕੀ ਵਿਰਾਸਤ ਵਿੱਚ ਮਿਲੀ ਸੀ। ਉਸ ਦੇ ਪੁਰਖੇ ਪਟਿਆਲਾ ਦੇ ਸੰਗੀਤ ਘਰਾਣੇ ਨਾਲ ਸਬੰਧਤ ਸਨ। ਉਹ ਛੇ ਭੈਣ-ਭਰਾ ਸਨ। ਸੰਨ 1980 ਵਿੱਚ ਉਨ੍ਹਾਂ ਦੀ ਪਹਿਲੀ ਕੈਸੇਟ ‘ਰੋਡਵੇਜ਼ ਦੀ ਲਾਰੀ’ ਕਾਫ਼ੀ ਮਕਬੂਲ ਹੋਈ। ਉਨ੍ਹਾਂ ਦੀ ਵਿਸ਼ਵ ਪੱਧਰ ’ਤੇ ਸਭ ਤੋਂ ਵੱਧ ਪੰਜ ਮਿਲੀਅਨ ਤੱਕ ਵਿਕਣ ਵਾਲੀ 1991 ਵਿੱਚ ਆਈ ਕੈਸੇਟ ‘ਹੁਸਨਾਂ ਦੇ ਮਾਲਕੋ’ ਸੀ। ਸਰਦੂਲ ਨੇ ਦੇਸ਼-ਵਿਦੇਸ਼ ਵਿੱਚ ਸੈਂਕੜੇ ਸ਼ੋਅ ਕੀਤੇ ਅਤੇ ਸੈਂਕੜੇ ਸੰਸਥਾਵਾਂ ਵੱਲੋਂ ਉਸ ਨੂੰ ਵੱਕਾਰੀ ਸਨਮਾਨ ਭੇਟ ਕੀਤੇ ਗਏ।
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ ‘ਕੱਚ ਦੀਆਂ ਮੁੰਦਰਾਂ’ ਦੇ ਸੰਚਾਲਕ ਰਹੇ ਅਤੈ ਸੰਧੂ ਨੇ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਸਾਲ 1987 ਦੌਰਾਨ ਇਸੇ ਪ੍ਰਗਰਾਮ ਵਿੱਚ ਸਰਦੂਲ ਸਿਕੰਦਰ ਤੇ ਅਮਰ ਨੂਰੀ ਨਾਲ ਹੋਈ ਮੁਲਾਕਾਤ ਹਾਲੇ ਵੀ ਉਨ੍ਹਾਂ ਦੇ ਚੇਤਿਆਂ ਵਿੱਚ ਵਸੀ ਹੋਈ ਹੈ।
ਸਿੰਘੂ ਬਾਰਡਰ ਦੇ ਧਰਨੇ ’ਚ ਵੀ ਲਵਾਈ ਸੀ ਹਾਜ਼ਰੀ
ਸਰਦੂਲ ਸਿਕੰਦਰ 12 ਦਸੰਬਰ ਨੂੰ ਦਿੱਲੀ ਦੇ ਸਿੰਘੂ ਬਾਰਡਰ ’ਤੇ ਕਿਸਾਨ ਸੰਘਰਸ਼ ਦੀ ਹਮਾਇਤ ਵਿੱਚ ਸੰਯੁਕਤ ਕਿਸਾਨ ਮੋਰਚਾ ਦੀ ਸਟੇਜ ’ਤੇ ਵੀ ਹਾਜ਼ਰੀ ਲਵਾ ਕੇ ਆਏ ਸਨ। ਉਨ੍ਹਾਂ ਕਿਸਾਨਾਂ ਦੇ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕੀਤੀ ਸੀ।
ਢੀਂਡਸਾ ਅਤੇ ਮਾਨ ਵੱਲੋਂ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ (ਟਨਸ): ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਗਾਇਕ ਸਰਦੂਲ ਸਿਕੰਦਰ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਸਰਦੂਲ ਸਿਕੰਦਰ ਦੇ ਇਲਾਜ ਦਾ ਖ਼ਰਚਾ ਤਾਰੇਗੀ ਸਰਕਾਰ
ਚੰਡੀਗੜ੍ਹ/ਖੰਨਾ (ਟਨਸ/ਜੋਗਿੰਦਰ ਸਿੰਘ ਓਬਰਾਏ): ਪੰਜਾਬ ਮੰਤਰੀ ਮੰਡਲ ਨੇ ਅੱਜ ਗਾਇਕ ਸਰਦੂਲ ਸਿਕੰਦਰ ਦੀ ਬੇਵਕਤੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਸਰਦੂਲ ਸਿਕੰਦਰ ਦੇ ਹਸਪਤਾਲ ਦੇ 10 ਲੱਖ ਰੁਪਏ ਦੇ ਬਕਾਏ ਦੀ ਅਦਾਇਗੀ ਪੰਜਾਬ ਸਰਕਾਰ ਵੱਲੋਂ ਕੀਤੀ ਜਾਵੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਦੂਲ ਸਿਕੰਦਰ ਦੇ ਦੇਹਾਂਤ ’ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਇਸ ਨੂੰ ਪੰਜਾਬੀ ਗਾਇਕੀ ਲਈ ਵੱਡਾ ਘਾਟਾ ਦੱਸਿਆ ਹੈ। ਸੁਖਬੀਰ ਬਾਦਲ ਤੇ ਦੇਸ਼-ਵਿਦੇਸ਼ ਦੇ ਦਰਜਨਾਂ ਆਗੂਆਂ, ਗਾਇਕਾਂ, ਗੀਤਕਾਰਾਂ, ਫ਼ਿਲਮੀ ਅਦਾਕਾਰਾਂ, ਸੰਗੀਤਕਾਰਾਂ, ਸੰਗੀਤ ਕੰਪਨੀਆਂ, ਪੰਜਾਬੀ ਲਿਖਾਰੀ ਸਭਾ ਰਾਮਪੁਰ, ਪੰਜਾਬੀ ਸਾਹਿਤ ਤੇ ਸੱਭਿਆਚਾਰਕ ਮੰਚ ਖੰਨਾ ਤੇ ਹੋਰ ਅਨੇਕਾਂ ਸਾਹਿਤਕ ਜਥੇਬੰਦੀਆਂ ਨੇ ਵੀ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।