ਸਾਹਿਤ ਪ੍ਰਤੀਨਿਧ
ਚੰਡੀਗੜ੍ਹ, 13 ਮਈ
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਰਗਰਮ ਮੈਂਬਰ, ਸੰਜੀਦਾ ਅਧਿਆਪਕ, ਲੋਕ ਪੱਖੀ ਗੀਤਕਾਰ ਅਤੇ ਗਾਇਕ ਸੁਤੰਤਰ ਭਾਰਤੀ ਦਾ ਦੇਹਾਂਤ ਹੋ ਗਿਆ ਹੈ। ਸੰਗਰੂਰ ਜ਼ਿਲ੍ਹੇ ਦੇ ਖੀਵਾ ਪਿੰਡ ਵਿੱਚ ਜੰਮੇ ਪਲੇ ਸੁਤੰਤਰ ਭਾਰਤੀ ਨੇ ਹਰਿਆਣਾ ਵਿੱਚ ਜੇਬੀਟੀ ਅਧਿਆਪਕ ਵਜੋਂ ਸੇਵਾ ਕਰਨ ਮਗਰੋਂ ਹਰਿਆਣਾ ਦੇ ਸਿਰਸਾ ਸ਼ਹਿਰ ਵਿੱਚ ਹੀ ਪੱਕੇ ਤੌਰ ’ਤੇ ਨਿਵਾਸ ਕਰ ਲਿਆ। ਅੱਜ-ਕੱਲ੍ਹ ਉਹ ਸਰਕਾਰੀ ਮਿਡਲ ਸਕੂਲ, ਭੰਗੂ ਦੇ ਮੁਖੀ ਸਨ ਅਤੇ ਉਨ੍ਹਾਂ ਨੇ ਆਉਂਦੀ 30 ਜੂਨ ਨੂੰ ਸੇਵਾਮੁਕਤ ਹੋਣਾ ਸੀ ਪਰ ਕਰੋਨਾ ਮਹਾਮਾਰੀ ਅਤੇ ਸਾਡੇ ਮੁਲਕ ਦੀਆਂ ਨਾਕਸ ਸਿਹਤ ਸੇਵਾਵਾਂ ਕਾਰਨ ਉਹ ਵਕਤੋਂ ਪਹਿਲਾਂ ਹੀ ਬੀਤੀ ਰਾਤ ਸਦੀਵੀ ਵਿਛੋੜਾ ਦੇ ਗਏ।
ਸੁਤੰਤਰ ਭਾਰਤੀ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਜੀਵਨ ਮੈਂਬਰ ਹੋਣ ਦੇ ਨਾਲ-ਨਾਲ ਸਰਵ ਕਰਮਚਾਰੀ ਸੰਘ ਹਰਿਆਣਾ, ਹਰਿਆਣਾ ਗਿਆਨ ਵਿਗਿਆਨ ਸਮਿਤੀ, ਹਰਿਆਣਾ ਸਕੂਲ ਅਧਿਆਪਕ ਸੰਘ, ਸੰਵਾਦ ਸਿਰਸਾ ਅਤੇ ਪੰਜਾਬੀ ਲੇਖਕ ਸਭਾ, ਸਿਰਸਾ ਵਿੱਚ ਸਰਗਰਮ ਰਹੇ। ਉਨ੍ਹਾਂ ਨੇ ਸਿਰਸਾ ਸਾਖ਼ਰਤਾ ਮਿਸ਼ਨ ਵਿੱਚ ਬਿਹਤਰ ਸੇਵਾਵਾਂ ਪ੍ਰਦਾਨ ਕਰਦਿਆਂ ਕਲਾ ਜਥਿਆਂ ਵਿੱਚ ਮੋਹਰੀ ਭੂਮਿਕਾ ਨਿਭਾਈ। ਉਹ ਗਾਇਕ ਵੀ ਸਨ ਅਤੇ ਉਨ੍ਹਾਂ ਵੱਲੋਂ ਗਾਏ ਬਹੁਤ ਸਾਰੇ ਸੱਭਿਆਚਾਰਕ ਗੀਤ ਰਿਕਾਰਡ ਵੀ ਹੋ ਚੁੱਕੇ ਹਨ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਡਾ. ਜੋਗਾ ਸਿੰਘ, ਡਾ. ਸੁਖਦੇਵ ਸਿੰਘ ਸਿਰਸਾ ਨੇ ਉਨ੍ਹਾਂ ਦੀ ਬੇਵਕਤੀ ਮੌਤ ’ਤੇ ਦੁੱਖ ਦਾ ਇਜ਼ਹਾਰ ਕੀਤਾ ਅਤੇ ਕਰੋਨਾ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਮੁਲਕ ਦੀਆਂ ਨਾਕਸ ਸਿਹਤ ਸੇਵਾਵਾਂ ’ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਸਰਕਾਰਾਂ ਪਾਸੋਂ ਫੌਰੀ ਸੁਧਾਰ ਕਰਨ ਦੀ ਮੰਗ ਕੀਤੀ ਹੈ।