ਨਿੱਜੀ ਪੱਤਰ ਪ੍ਰੇਰਕ
ਫ਼ਿਰੋਜ਼ਪੁਰ, 9 ਅਕਤੂਬਰ
ਮਖੂ ਦੇ ਪਿੰਡ ਮਾਹਲੇ ਵਾਲਾ ਵਿੱਚ ਗੁਰਮੀਤ ਸਿੰਘ ਨਾਂ ਦੇ ਵਿਅਕਤੀ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਗੁਰਮੀਤ ਸਿੰਘ ਦਿਹਾੜੀ ਕਰਦਾ ਸੀ। ਮ੍ਰਿਤਕ ਦੀ ਪਤਨੀ ਮਨਜੀਤ ਕੌਰ ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ ਪਤੀ ਚਿੱਟਾ ਪੀਣ ਦਾ ਆਦੀ ਸੀ ਤੇ ਸਾਰੀ ਕਮਾਈ ਨਸ਼ਿਆਂ ’ਤੇ ਰੋੜ੍ਹ ਦਿੰਦਾ ਸੀ। ਮਨਜੀਤ ਕੌਰ ਨੇ ਦੋਸ਼ ਲਾਇਆ ਕਿ ਗੁਰਮੀਤ ਨੇੜਲੇ ਪਿੰਡ ਸਿਲੇਵਿੰਡ ਦੇ ਗੁਰਮੇਲ ਸਿੰਘ ਕੋਲੋਂ ਚਿੱਟੇ ਦੇ ਭਰੇ ਟੀਕੇ ਖਰੀਦ ਕੇ ਲਿਆਉਂਦਾ ਸੀ। ਪਰਿਵਾਰ ਵੱਲੋਂ ਕਈ ਵਾਰ ਗੁਰਮੇਲ ਸਿੰਘ ਨੂੰ ਚਿਤਾਵਨੀ ਦਿੱਤੀ ਗਈ ਸੀ ਕਿ ਉਹ ਗੁਰਮੀਤ ਨੂੰ ਟੀਕੇ ਨਾ ਵੇਚਿਆ ਕਰੇ, ਪਰ ਉਸ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਮਨਜੀਤ ਕੌਰ ਨੂੰ ਫ਼ੋਨ ਆਇਆ ਕਿ ਉਸ ਦੇ ਪਤੀ ਦੀ ਲਾਸ਼ ਪਿੰਡ ਸਿਲੇਵਿੰਡ ਨੇੜੇ ਰਾਹ ’ਚ ਪਈ ਹੈ। ਪੁਲੀਸ ਨੇ ਮਨਜੀਤ ਕੌਰ ਦੀ ਸ਼ਿਕਾਇਤ ’ਤੇ ਗੁਰਮੇਲ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ।