ਲਹਿਰਾਗਾਗਾ (ਪੱਤਰ ਪ੍ਰੇਰਕ): ਪਿੰਡ ਕਾਲਬੰਜਾਰਾ ਦੇ ਗੁਰੂਘਰ ’ਚ ਅੱਜ ਨਿਸ਼ਾਨ ਸਾਹਿਬ ’ਤੇ ਚੋਲਾ ਚੜ੍ਹਾਉਣ ਮੌਕੇ ਅਚਾਨਕ ਤਾਰ ਟੁੱਟ ਜਾਣ ਕਾਰਨ ਸੇਵਾਮੁਕਤ ਸੂਬੇਦਾਰ ਹਰਪਾਲ ਸਿੰਘ (60) ਪੁੱਤਰ ਹਰਦੇਵ ਸਿੰਘ ਵਾਸੀ ਕਾਲਬੰਜਾਰਾ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਕਪੂਰ ਸਿੰਘ ਤੇ ਸਮਾਜ ਸੇਵੀ ਛੱਜੂੁ ਸਿੰਘ ਧਾਲੀਵਾਲ ਨੇ ਦੱਸਿਆ ਕਿ ਗੁਰੂ ਘਰ ’ਚ ਬੀਤੇ ਦਿਨ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਪ੍ਰਕਾਸ਼ ਹੋਇਆ ਸੀ ਤੇ ਅੱਜ ਦੂਜੇ ਦਿਨ ਸਵੇਰੇ ਗੁਰੂਘਰ ਦੇ ਨਿਸ਼ਾਨ ਸਾਹਿਬ ਦਾ ਚੋਲਾ ਚੜ੍ਹਾਉਣ ਵੇਲੇ ਤਾਰ ਟੁੱਟਣ ਕਰਕੇ ਹਾਦਸਾ ਵਾਪਰ ਗਿਆ। ਪੁਲੀਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਟਰਮ ਲਈ ਭੇਜ ਦਿੱਤੀ ਹੈ।