ਕਰਨ ਭੀਖੀ
ਭੀਖੀ, 1 ਮਈ
ਨੇੜਲੇ ਪਿੰਡ ਸਮਾਓਂ ਵਿੱਚ ਪੇਕੇ ਘਰ ਰਹਿੰਦੀ ਔਰਤ ਵੱਲੋਂ ਆਪਣੇ ਤਿੰਨ ਬੱਚਿਆਂ ਸਮੇਤ ਜ਼ਹਿਰੀਲੀ ਵਸਤੂ ਨਿਗਲਣ ਕਾਰਨ ਮਹਿਲਾ ਅਤੇ ਉਸ ਦੇ ਦੋ ਬੱਚਿਆਂ ਦੀ ਮੌਤ ਹੋ ਗਈ ਹੈ। ਉਸ ਦੇ ਭਰਾ ਜਿੰਮੀ ਨੇ ਦੱਸਿਆ ਕਿ ਉਸ ਦੀ ਭੈਣ ਰਮਨਦੀਪ ਕੌਰ (32) ਦਾ ਵਿਆਹ ਲਗਪਗ ਸੱਤ ਸਾਲ ਪਹਿਲਾਂ ਪਿੰਡ ਮੌੜ ਚੜ੍ਹਤ ਸਿੰਘ ਵਾਲਾ ਦੇ ਵਸਨੀਕ ਜੀਵਨ ਸਿੰਘ ਨਾਲ ਹੋਇਆ ਸੀ। ਇਸ ਜੋੜੇ ਦੇ ਤਿੰਨ ਬੱਚੇ ਹਨ। ਪਤੀ ਵੱਲੋਂ ਕੁੱਟਮਾਰ ਕਰਨ ਕਰਕੇ ਰਮਨਦੀਪ ਕੌਰ ਪੁੱਤਰੀ ਦਾਤਾ ਸਿੰਘ ਆਪਣੇ ਪੇਕੇ ਰਹਿੰਦੀ ਸੀ। ਅੱਜ ਜਦੋਂ ਸਾਰਾ ਪਰਿਵਾਰ ਕੰਮ ’ਤੇ ਗਿਆ ਹੋਇਆ ਸੀ ਤਾਂ ਰਮਨਦੀਪ ਕੌਰ ਨੇ ਖ਼ੁਦ ਸਲਫਾਸ ਖਾ ਲਈ ਅਤੇ ਆਪਣੇ ਤਿੰਨੇ ਬੱਚਿਆਂ ਬੇਟੀ ਅਕਾਸ਼ਦੀਪ ਕੌਰ (7), ਬੇਟਾ ਜਗਮੀਤ ਸਿੰਘ (ਸਾਢੇ ਤਿੰਨ ਸਾਲ), ਤੀਸਰੀ ਬੇਟੀ ਸੁਖਮਨ ਕੌਰ (ਡੇਢ ਸਾਲ) ਨੂੰ ਵੀ ਸਲਫਾਸ ਖੁਆ ਦਿੱਤੀ। ਇਲਾਜ ਲਈ ਲਿਜਾਣ ’ਤੇ ਪਟਿਆਲਾ ਪਹੁੰਚ ਕੇ ਰਮਨਦੀਪ ਕੌਰ ਅਤੇ ਦੋ ਬੱਚਿਆਂ ਦੀ ਮੌਤ ਹੋ ਗਈ ਜਦਕਿ ਇੱਕ ਬੱਚੇ ਦਾ ਹਾਲਤ ਗੰਭੀਰ ਬਣੀ ਹੋਈ ਹੈ। ਥਾਣਾ ਭੀਖੀ ਦੇ ਸਹਾਇਕ ਥਾਣੇਦਾਰ ਬਲਵੀਰ ਸਿੰਘ ਨੇ ਦੱਸਿਆ ਕਿ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।