ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 18 ਜੁਲਾਈ
ਥਾਣਾ ਗੋਇੰਦਵਾਲ ਸਾਹਿਬ ਦੇ ਪਿੰਡ ਛਾਪੜੀ ਸਾਹਿਬ ਵਿੱਚ ਪੱਠੇ ਕੁਤਰਦੇ ਸਮੇਂ ਮੋਟਰ ਤੋਂ ਅਚਾਨਕ ਕਰੰਟ ਲੱਗਣ ਕਾਰਨ ਮਾਂ-ਪੁੱਤ ਦੀ ਮੌਕੇ ’ਤੇ ਮੌਤ ਹੋ ਗਈ। ਮਾਂ ਤੇ ਭਰਾ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਸਦਮੇ ਵਿੱਚ ਆਈ ਧੀ ਨੇ ਵੀ ਜ਼ਹਿਰੀਲਾ ਪਦਾਰਥ ਨਿਗਲ ਲਿਆ ਜਿਸ ਨੂੰ ਗੰਭੀਰ ਹਾਲਤ ਵਿੱਚ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਛਾਪੜੀ ਸਾਹਿਬ ਦਾ ਜਸਪਾਲ ਸਿੰਘ ਰੋਜ਼ੀ-ਰੋਟੀ ਕਮਾਉਣ ਲਈ ਦੁਬਈ ਗਿਆ ਹੋਇਆ ਹੈ। ਊਸ ਦੀ ਪਤਨੀ ਨਿਰਮਲ ਕੌਰ ਘਰ, ਖੇਤੀਬਾੜੀ ਤੇ ਪਸ਼ੂਆਂ ਦਾ ਕੰਮਕਾਜ ਦੇਖਦੀ ਸੀ। ਊਹ ਅੱਜ ਸਵੇਰੇ ਪਸ਼ੂਆਂ ਲਈ ਪੱਠੇ ਕੁਤਰਨ ਲੱਗੀ ਤਾਂ ਟੋਕੇ ਵਾਲੀ ਮੋਟਰ ਵਿੱਚ ਕਰੰਟ ਆ ਗਿਆ, ਜਿਸ ਕਾਰਨ ਊਹ ਬੇਹੋਸ਼ ਹੋ ਕੇ ਮੌਕੇ ’ਤੇ ਹੀ ਡਿੱਗ ਗਈ। ਆਪਣੀ ਮਾਂ ਨੂੰ ਡਿੱਗਿਆ ਦੇਖ ਕੇ ਨਿਰਮਲ ਕੌਰ ਦਾ ਲੜਕਾ ਸੁਰਜੀਤ ਸਿੰਘ (19) ਊਸ ਨੂੰ ਚੁੱਕਣ ਲੱਗਿਆ ਤਾਂ ਉਹ ਵੀ ਕਰੰਟ ਦੀ ਲਪੇਟ ਵਿਚ ਆ ਗਿਆ। ਪਿੰਡ ਵਾਸੀਆਂ ਨੇ ਮਾਂ-ਪੁੱਤ ਦੋਹਾਂ ਨੂੰ ਕਸਬਾ ਫ਼ਤਿਆਬਾਦ ਦੇ ਇਕ ਨਿੱਜੀ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰ ਵੱਲੋਂ ਦੋਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਊਪਰੰਤ ਜਦੋਂ ਮਾਂ-ਪੁੱਤ ਦੀਆਂ ਲਾਸ਼ਾਂ ਘਰ ਪਹੁੰਚੀਆਂ ਤਾਂ ਸਦਮੇ ਵਿੱਚ ਆਈ ਨਿਰਮਲ ਕੌਰ ਦੀ ਧੀ ਮਨਦੀਪ ਕੌਰ ਨੇ ਘਰ ਵਿੱਚ ਪਈ ਜ਼ਹਿਰੀਲੀ ਦਵਾਈ ਨਿਗਲ ਲਈ। ਊਸ ਨੂੰ ਗੰਭੀਰ ਹਾਲਤ ਵਿੱਚ ਇਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਡਾਕਟਰਾਂ ਵੱਲੋਂ ਊਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਮੌਕੇ ’ਤੇ ਪਹੁੰਚੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲੀਸ ਪਾਰਟੀ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।