ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 14 ਅਪਰੈਲ
ਲਹਿੰਦੇ ਪੰਜਾਬ ਦੇ ਪੰਜਾਬੀ ਲੇਖਕ, ਸੰਪਾਦਕ ਅਤੇ ਪ੍ਰੋਫੈਸਰ ਮੁਹੰਮਦ ਜੁਨੈਦ ਅਕਰਮ (58) ਦਾ ਅੱਜ ਲਾਹੌਰ ਦੇ ਇਕ ਹਸਪਤਾਲ ’ਚ ਦੇਹਾਂਤ ਹੋ ਗਿਆ। ਮੁਹੰਮਦ ਜੁਨੈਦ ਦੀ ਮੌਤ ਨੂੰ ਸਾਹਿਤ ਅਕਾਦਮੀ ਐਵਾਰਡ ਜੇਤੂ ਡਾ. ਦਰਸ਼ਨ ਸਿੰਘ ਆਸ਼ਟ ਨੇ ਪੰਜਾਬੀ ਮਾਂ ਬੋਲੀ ਲਈ ਘਾਟਾ ਕਰਾਰ ਦਿੱਤਾ। ਉਨ੍ਹਾਂ ਦੱਸਿਆ ਕਿ ਪੰਜਾਬੀ ਵਿਦਵਾਨ ਡਾ. ਫਕੀਰ ਮੁਹੰਮਦ ਫ਼ਕੀਰ ਉਨ੍ਹਾਂ ਦੇ ਨਾਨਾ ਸਨ। ਉਨ੍ਹਾਂ ਦੇ ਅਕਾਲ ਚਲਾਣੇ ਤੋਂ ਬਾਅਦ ਪ੍ਰੋ. ਅਕਰਮ ਨੇ 1960 ਵਿੱਚ ਬੰਦ ਹੋਇਆ ਮਹੀਨਾਵਾਰ ਰਸਾਲਾ ‘ਪੰਜਾਬੀ’ 1992 ਵਿੱਚ ਮੁੜ ਛਾਪਣਾ ਸ਼ੁਰੂ ਕੀਤਾ। ਇਸ ਵਿੱਚ ਸ਼ਾਹਮੁਖੀ ਦੇ ਨਾਲ-ਨਾਲ ਗੁਰਮੁਖੀ ਲਿਪੀ ਵਿੱਚ ਵੀ ਰਚਨਾਵਾਂ ਛਾਪੀਆਂ ਜਾਂਦੀਆਂ। ਡਾ. ਆਸ਼ਟ ਨੇ ਦੱਸਿਆ ਕਿ ਪ੍ਰੋ. ਅਕਰਮ ਲਹਿੰਦੇ ਪੰਜਾਬ ਦੀ ਪੰਜਾਬੀ ਸੰਸਥਾ ‘ਬਜ਼ਮ ਇ ਫ਼ਕੀਰ’ ਦੇ ਮੌਜੂਦਾ ਪ੍ਰਧਾਨ ਸਨ। ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਚੰਡੀਗੜ੍ਹ ਦੀਆਂ ਪੰਜਾਬੀ ਕਾਨਫ਼ਰੰਸਾਂ ਵਿਚ ਅਕਸਰ ਹੀ ਆਉਂਦੇ ਸਨ। ਉਨ੍ਹਾਂ ਕਈ ਪੁਸਤਕਾਂ ਲਿਖੀਆਂ, ਜਿਨ੍ਹਾਂ ’ਚੋਂ ਕਾਵਿ ਸੰਗ੍ਰਹਿ ‘ਪੱਤਣ ਝਨਾਂ ਦਾ’ ਨੂੰ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿਚ ਕਾਫੀ ਪ੍ਰਸਿੱਧੀ ਮਿਲੀ। ਉਨ੍ਹਾਂ ਦੱਸਿਆ ਕਿ ਪ੍ਰੋ. ਅਕਰਮ ਬੀਤੇ ਕੁਝ ਦਿਨਾਂ ਤੋਂ ਬਿਮਾਰ ਸਨ ਤੇ ਅੱਜ ਹਸਪਤਾਲ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ।