ਪੱਤਰ ਪ੍ਰੇਰਕ
ਭੀਖੀ, 4 ਫਰਵਰੀ
ਪੰਜਾਬੀ ਦੇ ਮਕਬੂਲ ਸ਼ਾਇਰ ਤੇ ਫ਼ਿਲਮਸਾਜ਼ ਦਰਸ਼ਨ ਦਰਵੇਸ਼(60) ਦਾ ਬੀਤੇ ਦਿਨ ਦੇਹਾਂਤ ਹੋ ਗਿਆ। ਉਹ ਜਿਗਰ ਦੀ ਬਿਮਾਰੀ ਤੋਂ ਪੀੜਤ ਸਨ। ਉਨ੍ਹਾਂ ਦੋ ਕਾਵਿ ਪੁਸਤਕਾਂ ‘ਉਦਾਸ ਸਿਰਲੇਖ’ ਅਤੇ ‘ਕੁੜੀਆਂ ਨੂੰ ਸਵਾਲ ਨਾ ਕਰੋ’, ਇੱਕ ਨਾਵਲ ਤੇ ਇੱਕ ਕਹਾਣੀ-ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾਏ। ਕਈ ਪ੍ਰਸਿੱਧ ਪੰਜਾਬੀ ਰਸਾਲਿਆਂ ਲਈ ਲਿਖਣ ਵਾਲੇ ਦਰਵੇਸ਼ ਨੇ 1981 ਵਿੱਚ ਆਪਣਾ ਸਾਹਿਤਕ ਰਸਾਲਾ ‘ਸਿਰਨਾਵਾਂ’ ਸ਼ੁਰੂ ਕੀਤਾ। 1995 ਵਿੱਚ ਉਹ ਮੁੰਬਈ ਚਲੇ ਗਏ, ਜਿੱਥੇ ਪੰਜਾਬੀ ਫ਼ਿਲਮ ਤੂਫ਼ਾਨ ਵਿੱਚ ਕੰਮ ਕੀਤਾ। ਫ਼ਿਲਮ ‘ਮਾਚਿਸ’ ਵਿੱਚ ਉਹ ਹਿੰਦੀ ਸਿਨੇਮਾ ਦੇ ਪ੍ਰਸਿੱਧ ਫੋਟੋਗ੍ਰਾਫਰ ਮਨਮੋਹਨ ਸਿੰਘ ਨਾਲ ਬਤੌਰ ਸਹਾਇਕ ਕੈਮਰਾਮੈਨ ਰਹੇ। ਉਨ੍ਹਾਂ ਪੰਜਾਬੀ ਦੀ ਲਘੂ ਫ਼ਿਲਮ ‘ਵੱਤਰ’ ਤੋਂ ਬਾਅਦ ਪੰਜਾਬੀ ਦੀ ਸਿਨੇਮਾਸਕੋਪ ਫਿਲਮ ‘ਦਿ ਬਲੱਡ ਸਟਰੀਟ’ ਬਤੌਰ ਨਿਰਦੇਸ਼ਕ ਬਣਾਈ। ਦਰਸ਼ਨ ਦਰਵੇਸ਼ ਮਾਨਸਾ ਜ਼ਿਲ੍ਹੇ ਦੇ ਪਿੰਡ ਕਿਸ਼ਨਗੜ੍ਹ ਫਰਵਾਹੀ ਦੇ ਜੰਮਪਲ ਸਨ ਅਤੇ ਇਨ੍ਹੀਂ ਦਿਨੀਂ ਮੁਹਾਲੀ ਰਹਿ ਰਹੇ ਸਨ। ਦਰਵੇਸ਼ ਦਾ ਅੱਜ ਜੱਦੀ ਪਿੰਡ ਫਰਵਾਹੀ ਵਿੱਚ ਸਸਕਾਰ ਕਰ ਦਿੱਤਾ ਗਿਆ।
ਦਰਸ਼ਨ ਦਰਵੇਸ਼ ਨੂੰ ਸ਼ਰਧਾਂਜਲੀਆਂ
ਬੁਢਲਾਡਾ (ਪੱਤਰ ਪ੍ਰੇਰਕ): ਪੰਜਾਬੀ ਸ਼ਾਇਰ ਤੇ ਫਿਲਮਸਾਜ਼ ਦਰਸ਼ਨ ਦਰਵੇਸ਼ ਦੇ ਦੇਹਾਂਤ ’ਤੇ ਸਾਹਿਤ ਸਭਾ ਬੁਢਲਾਡਾ ਅਤੇ ਟੈਗੋਰ ਸਾਹਿਤ ਸਭਾ ਬੁਢਲਾਡਾ ਨੇ ਸ਼ੋਕ ਸਭਾਵਾਂ ਕਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸ਼ਾਇਰ ਨਿਰਮਲ ਕੁਲਾਣਾ ਨੇ ਕਿਹਾ ਕਿ ਉਹ ਤੇ ਦਰਵੇਸ਼ ਕਾਲਜ ਤੋਂ ਲੈ ਕੇ ਰੁਜ਼ਗਾਰ ਦੀ ਭਾਲ ਤਕ ਦੋਸਤ ਰਹੇ। 1982 ਵਿੱਚ ਉਨ੍ਹਾਂ ਇਕੱਠਿਆਂ ਸਾਹਿਤਕ ਮੈਗਜ਼ੀਨ ‘ਸਿਰਨਾਵਾਂ’ ਸ਼ੁਰੂ ਕੀਤਾ। ਡਾ. ਕਰਨੈਲ ਵੈਰਾਗੀ ਦਾ ਕਹਿਣਾ ਸੀ ਕਿ ਦਰਸ਼ਨ ਦਰਵੇਸ਼ ਦੀ ਕਵਿਤਾ ਜਿੱਥੇ ਰਿਸ਼ਤਿਆਂ ਦੀਆਂ ਗੁੰਝਲਾਂ ਨੂੰ ਫਰੋਲਦੀ ਹੈ, ਉੱਥੇ ਹੀ ‘ਕੁੜੀਆਂ ਨੂੰ ਸਵਾਲ ਨਾ ਕਰੋ’ ਜਿਹੇ ਮੁੱਦੇ ਵੀ ਚੁੱਕਦੀ ਹੈ। ਪੰਜਾਬੀ ਦੇ ਸ਼ਾਇਰ ਕੁਲਵਿੰਦਰ ਬੱਛੂਆਣਾ ਨੇ ਦੱਸਿਆ ਕਿ ਦਰਵੇਸ਼ ਦੀ ਕਾਵਿ ਪੁਸਤਕ ‘ਉਦਾਸ ਸਿਰਲੇਖ’ ਨਰੋਏ ਸਾਹਿਤ ਵੱਲ ਵਧਦਾ ਕਦਮ ਹੈ। ਇਸ ਮੌਕੇ ਲੇਖਕ ਪਿਆਰਾ ਸਿੰਘ, ਅਸ਼ਵਨੀ ਕੁਮਾਰ, ਅਵਤਾਰ ਦੋਦੜਾ, ਨਾਇਬ ਸਿੰਘ ਨੇ ਵੀ ਵਿਚਾਰ ਪੇਸ਼ ਕੀਤੇ।