ਧਰਮਪਾਲ ਸਿੰਘ ਤੂਰ
ਸੰਗਤ ਮੰਡੀ, 11 ਮਾਰਚ
ਥਾਣਾ ਨੰਦਗੜ੍ਹ ਅਧੀਨ ਆਉਂਦੇ ਪਿੰਡ ਝੁੰਬਾ ਦੇ ਨੌਜਵਾਨ ਦੀ ਚਿੱਟੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਇਕਬਾਲ ਸਿੰਘ ਉਰਫ਼ ਪਾਲਾ (25) ਪੁੱਤਰ ਬਲਕਾਰ ਸਿੰਘ ਚਿੱਟੇ ਦੀ ਭੇਂਟ ਚੜ੍ਹ ਗਿਆ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਬਲਕਾਰ ਸਿੰਘ ਨੇ ਦੱਸਿਆ ਕਿ ਇਕਬਾਲ ਸਿੰਘ ਪਿੰਡ ਵਿੱਚ ਚਿੱਟੇ ਦੀ ਸਪਲਾਈ ਆਮ ਹੋਣ ਕਾਰਨ ਚਿੱਟੇ ਦਾ ਆਦੀ ਹੋ ਗਿਆ ਸੀ। ਹੁਣ ਪਿਛਲੇ ਦਿਨੀਂ ਇਕਬਾਲ ਸਿੰਘ ਰਾਜਸਥਾਨ ਦੇ ਗੰਗਾਨਗਰ ਨੇੜੇ ਸਰੋਂ ਦੀ ਵਾਢੀ ਕਰਨ ਗਿਆ ਹੋਇਆ ਸੀ ਜਿੱਥੇ ਉਸ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਚਿੱਟੇ ਦੀ ਸਪਲਾਈ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ ਜਿਸ ਨੂੰ ਪੁਲੀਸ ਪ੍ਰਸ਼ਾਸਨ ਗੰਭੀਰਤਾ ਨਾਲ ਨਹੀਂ ਲੈ ਰਿਹਾ। ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਪਿੰਡ ਦੇ ਦੋ ਨੌਜਵਾਨਾਂ ਦੀ ਚਿੱਟੇ ਕਾਰਨ ਮੌਤ ਹੋ ਗਈ ਸੀ। ਚਿੱਟੇ ਦਾ ਕਹਿਰ ਇਸ ਕਦਰ ਵੱਧ ਚੁੱਕਿਆ ਹੈ ਕਿ ਸਕੂਲ ਪੜ੍ਹਦੇ ਜਵਾਕ ਵੀ ਇਸ ਦੇ ਆਦੀ ਹੋ ਚੁੱਕੇ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਜਗਸੀਰ ਸਿੰਘ ਝੁੰਬਾ ਨੇ ਕਿਹਾ ਕਿ ਚਿੱਟਾ ਗਲੀ ਗਲੀ ਵਿੱਚ ਆਮ ਵਿਕ ਰਿਹਾ ਹੈ ਪਰ ਸਰਕਾਰਾਂ ਅਤੇ ਪ੍ਰਸ਼ਾਸ਼ਨ ਕੁਝ ਨਹੀਂ ਕਰ ਰਹੇ। ਉਨ੍ਹਾਂ ਨਵੀਂ ਬਣੀ ਆਪ ਸਰਕਾਰ ਤੋਂ ਨਸ਼ੇ ਖਤਮ ਕਰਨ ਲਈ ਸਖ਼ਤ ਕਦਮ ਚੁੱਕਣ ਦੀ ਅਪੀਲ ਕੀਤੀ।