ਪੱਤਰ ਪ੍ਰੇਰਕ
ਧਾਰੀਵਾਲ, 25 ਸਤੰਬਰ
ਪਿੰਡ ਮੁਸਤਫਾਬਾਦ ਜੱਟਾਂ ਕੋਲੋਂ ਲੰਘਦੀ ਅਪਰਬਾਰੀ ਦੋਆਬ ਨਹਿਰ ਦੇ ਕੰਢਿਓਂ ਇਕ ਨੌਜਵਾਨ ਦੀ ਲਾਸ਼ ਮਿਲੀ ਹੈ, ਜਿਸ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਦੱਸੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਪਿੰਡ ਸਹਾਏਪੁਰ ਦੇ ਸਾਬਕਾ ਸਰਪੰਚ ਤਜਿੰਦਰਜੀਤ ਸਿੰਘ ਉਰਫ਼ ਜੋਧਾ ਵਜੋਂ ਹੋਈ ਹੈ, ਜੋ ਇਕਲੌਤਾ ਪੁੱਤਰ ਸੀ। ਥਾਣਾ ਤਿੱਬੜ ਦੀ ਮੁਖੀ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਮ੍ਰਿਤਕ ਦੀ ਮਾਤਾ ਗੁਰਦੀਪ ਕੌਰ ਨੇ ਪੁਲੀਸ ਨੂੰ ਦੱਸਿਆ ਕਿ 24 ਸਤੰਬਰ ਨੂੰ ਨਿਸ਼ਾਨ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਚੋਪੜਾ ਉਸ ਦੇ ਪੁੱਤਰ ਨੂੰ ਬਾਹਰ ਘੁੰਮਣ ਦੀ ਗੱਲ ਆਖ ਕੇ ਆਪਣੇ ਨਾਲ ਲੈ ਗਿਆ ਸੀ। ਜਦੋਂ ਉਸ ਦਾ ਲੜਕਾ ਘਰ ਨਾ ਆਇਆ ਤਾਂ ਉਨ੍ਹਾਂ ਭਾਲ ਸ਼ੁਰੂ ਕੀਤੀ। ਕੱਲ੍ਹ ਦੇਰ ਸ਼ਾਮ ਉਨ੍ਹਾਂ ਨੂੰ ਪਤਾ ਲੱਗਾ ਕਿ ਮੁਸਤਫਾਬਾਦ ਜੱਟਾਂ ਲਾਗੇ ਨਹਿਰ ਦੇ ਕਿਨਾਰੇ ਇੱਕ ਲਾਸ਼ ਪਈ ਹੈ। ਜਦੋਂ ਉਸ ਨੇ ਮੌਕੇ ’ਤੇ ਜਾ ਕੇ ਵੇਖਿਆ ਤਾਂ ਲਾਸ਼ ਤਜਿੰਦਰਜੀਤ ਦੀ ਸੀ। ਇਸ ਦੌਰਾਨ ਮ੍ਰਿਤਕ ਦੀ ਮਾਤਾ ਨੇ ਦੋਸ਼ ਲਾਇਆ ਕਿ ਨਿਸ਼ਾਨ ਸਿੰਘ ਨੇ ਉਸ ਦੇ ਪੁੱਤਰ ਦੇ ਨਸ਼ੇ ਦੀ ਓਵਰਡੋਜ਼ ਵਾਲਾ ਟੀਕਾ ਲਗਾਇਆ ਹੈ, ਜਿਸ ਕਾਰਨ ਤਜਿੰਦਰਜੀਤ ਦੀ ਮੌਤ ਹੋ ਗਈ। ਥਾਣਾ ਤਿੱਬੜ ਦੇ ਮੁਖੀ ਅਮਨਦੀਪ ਕੌਰ ਨੇ ਦੱਸਿਆ ਕਿ ਮਿਤ੍ਰਕ ਦੀ ਮਾਤਾ ਦੇ ਬਿਆਨਾਂ ’ਤੇ ਨਿਸ਼ਾਨ ਸਿੰਘ ਵਿਰੁੱਧ ਕੇਸ ਦਰਜ ਕਰ ਲਿਆ ਹੈ।