ਚੰਡੀਗੜ੍ਹ: ਪੰਜਾਬ ਵਿੱਚ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਰਾਹੀਂ ਮੁਲਾਜ਼ਮ ਅਤੇ ਪੈਨਸ਼ਨਰ ਹਿੱਤਾਂ ਲਈ ਪੂਰੀ ਜ਼ਿੰਦਗੀ ਸਰਕਾਰਾਂ ਖ਼ਿਲਾਫ਼ ਸੰਘਰਸ਼ ਕਰਨ ਵਾਲੇ ਸੀਨੀਅਰ ਮੁਲਾਜ਼ਮ ਆਗੂ ਸੱਜਣ ਸਿੰਘ ਦਾ ਅੱਜ ਦੇਹਾਂਤ ਹੋ ਗਿਆ। ਕਰੋਨਾਵਾਇਰਸ ਤੋਂ ਪੀੜਤ ਹੋਣ ਕਾਰਨ ਚੰਡੀਗੜ੍ਹ ਦੇ ਸੈਕਟਰ 32 ਸਥਿਤ ਸਰਕਾਰੀ ਹਸਪਤਾਲ ਵਿੱਚ ਉਨ੍ਹਾਂ ਆਖਰੀ ਸਾਹ ਲਿਆ। ਦੱਸਣਯੋਗ ਹੈ ਕਿ ਕਰੀਬ 84 ਸਾਲਾ ਸੱਜਣ ਸਿੰਘ ਇਨ੍ਹੀਂ ਦਿਨੀਂ ਸੈਕਟਰ 23 ਚੰਡੀਗੜ੍ਹ ਵਿਖੇ ਆਪਣੇ ਪੁੱਤਰ ਵਰਿੰਦਰਜੀਤ ਸਿੰਘ ਦੇ ਨਾਲ ਰਹਿ ਰਹੇ ਸਨ। ਕੁਝ ਦਿਨ ਪਹਿਲਾਂ ਕਰੋਨਾਵਾਇਰਸ ਤੋਂ ਪੀੜਤ ਹੋਣ ਕਾਰਨ ਉਨ੍ਹਾਂ ਨੂੰ ਸੈਕਟਰ 16 ਦੇ ਜਨਰਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿਸ ਦੌਰਾਨ ਹਾਲਤ ਗੰਭੀਰ ਹੋਣ ਕਾਰਨ ਸੈਕਟਰ 32 ਦੇ ਹਸਪਤਾਲ ਲਿਜਾਇਆ ਗਿਆ ਸੀ। ਅੱਜ ਆਕਸੀਜਨ ਦਾ ਪੱਧਰ ਕਾਫ਼ੀ ਘਟ ਜਾਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਸੈਕਟਰ 25 ਦੇ ਸ਼ਮਸ਼ਾਨਘਾਟ ਵਿੱਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਕਨਵੀਨਰ ਰਹੇ ਸੱਜਣ ਸਿੰਘ ਦੀ ਮੌਤ ਉਪਰੰਤ ਫਰੰਟ ਦੇ ਕਨਵੀਨਰ-ਕਮ-ਕੋਆਰਡੀਨੇਟਰ ਸਤੀਸ਼ ਰਾਣਾ ਦੀ ਪ੍ਰਧਾਨਗੀ ਹੇਠ ਵਰਚੁਅਲ ਸ਼ੋਕ ਸਭਾ ਹੋਈ ਜਿਸ ਵਿੱਚ ਹਾਜ਼ਰ ਮੁਲਾਜ਼ਮ ਤੇ ਪੈਨਸ਼ਨਰ ਆਗੂਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਦੀ ਮੌਤ ’ਤੇ ਮੁਲਾਜ਼ਮ ਆਗੂਆਂ ਵਿੱਚ ਸੁਖਚੈਨ ਸਿੰਘ ਖਹਿਰਾ, ਗੁਰਮੇਲ ਸਿੰਘ ਸਿੱਧੂ, ਸੁਖਦੇਵ ਸਿੰਘ ਸੈਣੀ, ਕਰਤਾਰ ਸਿੰਘ ਪਾਲ, ਪਰਵਿੰਦਰ ਸਿੰਘ ਖੰਗੂੜਾ, ਦਵਿੰਦਰ ਸਿੰਘ ਬੈਨੀਪਾਲ, ਖੁਸ਼ਿਵੰਦਰ ਕਪਿਲਾ, ਕਰਮ ਸਿੰਘ ਧਨੋਆ, ਠਾਕੁਰ ਸਿੰਘ, ਬਖਸ਼ੀਸ਼ ਸਿੰਘ, ਜਰਮਨਜੀਤ ਸਿੰਘ, ਰਣਜੀਤ ਸਿੰਘ ਰਾਣਵਾਂ, ਜਸਵੀਰ ਤਲਵਾੜਾ, ਮੇਘ ਸਿੰਘ ਸਿੱਧੂ, ਸੁਖਜੀਤ ਸਿੰਘ, ਪ੍ਰੇਮ ਸਾਗਰ ਸ਼ਰਮਾ, ਅਵਿਨਾਸ਼ ਚੰਦਰ ਸ਼ਰਮਾ, ਯੂ.ਟੀ. ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਹੰਸ ਅਤੇ ਜਨਰਲ ਸਕੱਤਰ ਰਾਜਿੰਦਰ ਕੁਮਾਰ, ਪੀ.ਐਸ.ਆਈ.ਈ.ਸੀ. ਐਸੋੋਸੀਏਸ਼ਨ ਦੇ ਜਨਰਲ ਸਕੱਤਰ ਤਾਰਾ ਸਿੰਘ, ਸੀ.ਟੀ.ਯੂ. ਵਰਕਰਜ਼ ਯੂਨੀਅਨ ਤੋਂ ਧਰਮਿੰਦਰ ਸਿੰਘ ਰਾਹੀ, ਸਤਿੰਦਰ ਸਿੰਘ, ਏਟਕ ਦੇ ਸਾਬਕਾ ਪ੍ਰਧਾਨ ਹਰਬੰਸ ਸਿੰਘ ਬਾਗੜੀ, ਰਣਬੀਰ ਸਿੰਘ ਢਿੱਲੋਂ, ਆਲ ਇੰਡੀਆ ਕਲਾਸ ਫੋਰ ਐਂਪਲਾਈਜ਼ ਮਹਾਂਸੰਘ ਅਤੇ ਕਲਾਸ ਫੋਰ ਯੂਨੀਅਨ ਤੋਂ ਸੱਤਿਆਵਾਨ ਸਰੋਹਾ, ਹਰਿਆਣਾ ਪੀ.ਡਬਲਿਯੂ.ਡੀ. ਯੂਨੀਅਨ ਦੇ ਪ੍ਰਧਾਨ ਤਾਰਾ ਦੱਤ, ਹੇਮ ਬਹਾਦਰ ਆਦਿ ਨੇ ਮੁਲਾਜ਼ਮ ਆਗੂ ਸੱਜਣ ਸਿੰਘ ਦੀ ਮੌਤ ਉਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਹਮਰਦਰਦੀ ਪ੍ਰਗਟਾਈ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਸੱਜਣ ਸਿੰਘ ਦੇ ਦੇਹਾਂਤ ਉਤੇ ਦੁੱਖ ਪ੍ਰਗਟ ਕੀਤਾ ਹੈ। ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਆਗੂਆਂ ਆਸ਼ੀਸ਼ ਜੁਲਾਹਾ, ਪਰਵੀਨ ਸ਼ਰਮਾ, ਅੰਮ੍ਰਿਤਪਾਲ ਸਿੰਘ, ਰਜਿੰਦਰ ਸਿੰਘ ਸੰਧਾ ਨੇ ਕਿਹਾ ਕਿ ਮੁਲਾਜ਼ਮ ਆਗੂ ਸੱਜਣ ਸਿੰਘ ਦੇ ਚਲੇ ਜਾਣ ਨਾਲ ਕੱਚੇ ਮੁਲਾਜ਼ਮਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।