ਖੇਤਰੀ ਪ੍ਰਤੀਨਿਧ
ਬਰਨਾਲਾ, 14 ਜੂਨ
ਸੀਪੀਆਈ (ਐੱਮਐਲ) ਰੈੱਡ ਸਟਾਰ ਦੀ ਪੱਛਮੀ ਬੰਗਾਲ ਦੀ ਪ੍ਰਮੁੱਖ ਮਹਿਲਾ ਆਗੂ ਅਤੇ ਕੁੱਲ ਹਿੰਦ ਕ੍ਰਾਂਤੀਕਾਰੀ ਇਸਤਰੀ ਸਭਾ ਦੀ ਜਨਰਲ ਸਕੱਤਰ ਕਾਮਰੇਡ ਸ਼ਰਮਿਸ਼ਠਾ ਚੌਧਰੀ ਦੀ ਅੱਜ ਮੌਤ ਹੋ ਗਈ। ਉਹ ਪਿਛਲੇ ਚਾਰ ਮਹੀਨਿਆਂ ਤੋਂ ਬਿਮਾਰ ਸਨ| ਕਰੋਨਾ ਪਾਜ਼ੇਟਿਵ ਹੋਣ ਕਾਰਨ ਉਨ੍ਹਾਂ ਦੇ ਫੇਫੜਿਆਂ ਦਾ ਕਾਫ਼ੀ ਨੁੁਕਸਾਨ ਹੋ ਚੁੱਕਾ ਸੀ| ਅੱਜ ਕੋਲਕਾਤਾ ਦੇ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਮਮਤਾ ਬੈਨਰਜੀ ਦੀ ਪਿਛਲੀ ਸਰਕਾਰ ਵੇਲੇ ਪੱਛਮੀ ਬੰਗਾਲ ਦੇ ਦੱਖਣੀ 24 ਪਰਗਣਾ ਜ਼ਿਲ੍ਹੇ ਵਿੱਚ ਅਡਾਨੀ ਪਾਵਰ ਪਲਾਂਟ ਲਈ ਲੋਕਾਂ ਤੋਂ ਜਬਰੀ ਖੋਹੀ ਜਾ ਰਹੀ ਜ਼ਮੀਨ ਵਿਰੁੱਧ ਵਿੱਢੇ ਘੋਲ ’ਚ ਮੋਹਰੀ ਭੂਮਿਕਾ ਨਿਭਾਈ ਸੀ| ਉਨ੍ਹਾਂ ਛੇ ਮਹੀਨੇ ਜੇਲ੍ਹ ਵੀ ਕੱਟੀ| ਪੰਜਾਬ ਯੂਨਿਟ ਨੇ ਕਾਮਰੇਡ ਸ਼ਰਮਿਸ਼ਠਾ ਦੀ ਮੌਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ।