ਐੱਸ.ਏ.ਐੱਸ. ਨਗਰ (ਮੁਹਾਲੀ) (ਕਰਮਜੀਤ ਸਿੰਘ ਚਿੱਲਾ): ਪੰਜਾਬ ਸੀਟੂ ਦੇ ਜਨਰਲ ਸਕੱਤਰ ਅਤੇ ਕਿਰਤੀਆਂ, ਕਾਮਿਆਂ ਦੇ ਹਰਮਨਪਿਆਰੇ ਆਗੂ ਕਾਮਰੇਡ ਰਘੂਨਾਥ ਸਿੰਘ (65) ਦਾ ਅੱਜ ਸਵੇਰੇ 10 ਵਜੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ ਪਿਛਲੇ ਤਿੰਨ ਦਿਨਾਂ ਤੋਂ ਇੱਥੇ ਦਾਖ਼ਲ ਸਨ। ਇਸ ਤੋਂ ਪਹਿਲਾਂ ਵੀ ਉਹ ਕਰੋਨਾਵਾਇਰਸ ਤੋਂ ਪੀੜਤ ਹੋਣ ਕਾਰਨ ਇਸ ਹਸਪਤਾਲ ਵਿੱਚ ਦਾਖ਼ਲ ਰਹੇ ਸਨ ਤੇ ਰਿਪੋਰਟ ਨੈਗੇਟਿਵ ਆਉਣ ਮਗਰੋਂ ਉਨ੍ਹਾਂ ਨੂੰ ਕੁੱਝ ਦਿਨ ਪਹਿਲਾਂ ਹੀ ਛੁੱਟੀ ਦੇ ਦਿੱਤੀ ਗਈ ਸੀ। ਦੋ ਕੁ ਦਿਨ ਘਰ ਰਹਿਣ ਮਗਰੋਂ ਸਾਹ ਵਿੱਚ ਤਕਲੀਫ਼ ਹੋਣ ਮਗਰੋਂ ਉਨ੍ਹਾਂ ਨੂੰ ਦੁਬਾਰਾ ਇਸੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।
ਕਾਮਰੇਡ ਰਘੂਨਾਥ ਸਿੰਘ ਦਾ ਅੰਤਿਮ ਸੰਸਕਾਰ 21 ਦਸੰਬਰ ਨੂੰ ਦੁਪਹਿਰ 12 ਵਜੇ ਉਨ੍ਹਾਂ ਦੇ ਜੱਦੀ ਪਿੰਡ ਬੀਣੇਵਾਲ, ਜ਼ਿਲ੍ਹਾ ਰੂਪਨਗਰ ਵਿੱਚ ਕੀਤਾ ਜਾਵੇਗਾ। ਕਾਮਰੇਡ ਰਘੂਨਾਥ ਸਿੰਘ ਦਾ ਸਮੁੱਚਾ ਜੀਵਨ ਕਿਰਤੀਆਂ ਤੇ ਫੈਕਟਰੀ ਕਾਮਿਆਂ ਨੂੰ ਸਮਰਪਿਤ ਰਿਹਾ ਹੈ। ਇਸ ਵੇਲੇ ਉਹ ਕੁੱਲ ਹਿੰਦ ਸੀਟੂ ਦੇ ਮੀਤ ਪ੍ਰਧਾਨ, ਪੰਜਾਬ ਸੀਟੂ ਦੇ ਜਨਰਲ ਸਕੱਤਰ ਅਤੇ ਪੰਜਾਬ ਸੀਪੀਆਈ (ਐੱਮ) ਦੇ ਸੂਬਾ ਸਕੱਤਰੇਤ ਮੈਂਬਰ ਸਨ। ਉਨ੍ਹਾਂ ਦੇ ਭਾਣਜੇ ਲਾਭ ਸਿੰਘ ਨੇ ਦੱਸਿਆ ਕਿ ਕਾਮਰੇਡ ਰਘੂਨਾਥ ਦੀ ਮ੍ਰਿਤਕ ਦੇਹ ਸਵੇਰੇ ਮੁਹਾਲੀ ਤੋਂ ਉਨ੍ਹਾਂ ਦੇ ਜੱਦੀ ਪਿੰਡ ਲਿਜਾਈ ਜਾਵੇਗੀ। ਸੀਟੂ ਦੇ ਸੂਬਾ ਪ੍ਰਧਾਨ ਕਾਮਰੇਡ ਮਹਾਂ ਸਿੰਘ ਰੋੜੀ, ਕਾਮਰੇਡ ਕੁਲਦੀਪ ਸਿੰਘ, ਕਾਮਰੇਡ ਚੰਦਰ ਸ਼ੇਖਰ, ਸੀਪੀਆਈ ਮੁਹਾਲੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਮਹਿੰਦਰ ਪਾਲ ਸਿੰਘ ਸਮੇਤ ਸੀਟੂ ਦੇ ਵੱਖ-ਵੱਖ ਆਗੂਆਂ ਨੇ ਕਾਮਰੇਡ ਰਘੂਨਾਥ ਦੀ ਬੇਵਕਤੀ ਮੌਤ ’ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਇਸ ਨੂੰ ਪੰਜਾਬ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ।