ਪੱਤਰ ਪ੍ਰੇਰਕ
ਜ਼ੀਰਾ, 22 ਜੁਲਾਈ
ਥਾਣਾ ਮਖੂ ਦੇ ਪਿੰਡ ਸਰਹਾਲੀ ਵਿੱਚ ਅਜਿਹਾ ਮਾਮਲਾ ਸਾਹਮਣੇ ਆਏ ਜਿੱਥੇ ਇੱਕ ਨੌਜਵਾਨ ਵੱਲੋਂ ਦੂਜੇ ਨੌਜਵਾਨ ਨੂੰ ਜਬਰੀ ਨਸ਼ੇ (ਚਿੱਟੇ) ਦਾ ਟੀਕਾ ਲਾ ਦਿੱਤਾ ਗਿਆ ਜਿਸ ਕਾਰਨ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਪਿਤਾ ਸੁੱਚਾ ਸਿੰਘ ਪੁੱਤਰ ਸਾਧਾ ਸਿੰਘ ਵਾਸੀ ਸਰਹਾਲੀ ਥਾਣਾ ਮਖੂ ਨੇ ਦੱਸਿਆ ਕਿ ਉਸਦਾ ਲੜਕਾ ਗੁਰਪ੍ਰੀਤ ਸਿੰਘ (39) ਨਸ਼ਾ ਕਰਨ ਦਾ ਆਦੀ ਸੀ ਅਤੇ ਜਿਸ ਨੂੰ ਬਲਰਾਜ ਸਿੰਘ ਵਾਸੀ ਜੱਟਾਂ ਵਾਲੀ ਕਥਿਤ ਤੌਰ ’ਤੇ ਨਸ਼ਾ ਲਿਆ ਕੇ ਦਿੰਦਾ ਸੀ। ਉਨ੍ਹਾਂ ਦੱਸਿਆ ਕਿ 20 ਜੁਲਾਈ ਨੂੰ ਦੁਪਹਿਰ 12 ਵਜੇ ਬਲਰਾਜ ਸਿੰਘ ਉਨ੍ਹਾਂ ਦੇ ਘਰ ਸਰਿੰਜ ਅਤੇ ਹੈਰੋਇਨ ਲੈ ਕੇ ਆਇਆ ਅਤੇ ਜਬਰਦਸਤੀ ਗੁਰਪ੍ਰੀਤ ਸਿੰਘ ਦੀ ਖੱਬੀ ਬਾਂਹ ’ਤੇ ਟੀਕਾ ਲਗਾ ਦਿੱਤਾ, ਜਿਸ ਨਾਲ ਗੁਰਪ੍ਰੀਤ ਬੇਹੋਸ਼ ਹੋ ਗਿਆ ਤੇ ਅਗਲੇ ਦਿਨ ਹੀ ਉਸ ਦੀ ਮੌਤ ਹੋ ਗਈ। ਪੁਲੀਸ ਵੱਲੋਂ ਕੇਸ ਦਰਜ ਕਰਕੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।