ਗੁਰਦੀਪ ਸਿੰਘ ਗੋਸਲ
ਮਲੌਦ, 22 ਜੂਨ
ਰੋਜ਼ੀ-ਰੋਟੀ ਲਈ ਦੋ ਸਾਲ ਪਹਿਲਾਂ ਸਾਊਦੀ ਅਰਬ ਗਏ ਪਿੰਡ ਮਾਲੋ ਦੌਦ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇਹ ਜੱਦੀ ਪਿੰਡ ਲਿਆਉਣ ਲਈ ਭਾਰਤ ਸਰਕਾਰ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਸਿੰਘ ਮਾਨ ਤੋਂ ਮਦਦ ਮੰਗੀ ਹੈ। ਜਾਣਕਾਰੀ ਦਿੰਦਿਆਂ ਪਿੰਡ ਮਾਲੋ ਦੌਦ ਦੇ ਵਸਨੀਕ ਬੇਅੰਤ ਸਿੰਘ ਨੇ ਦੱਸਿਆ ਕਿ ਪਰਿਵਾਰ ਦੀ ਸਥਿਤੀ ਆਰਥਿਕ ਤੌਰ ’ਤੇ ਕਮਜ਼ੋਰ ਹੋਣ ਕਾਰਨ ਉਸ ਦਾ ਲੜਕਾ ਜਗਜੀਤ ਸਿੰਘ (31) ਸਾਊਦੀ ਅਰਬ ਦੀ ਇੱਕ ਕੰਪਨੀ ਵਿੱਚ ਡਰਾਈਵਰ ਵਜੋਂ ਕੰਮ ਕਰਦਾ ਸੀ। ਜਗਜੀਤ ਸਿੰਘ ਵਿਆਹਿਆ ਹੋਇਆ ਸੀ ਅਤੇ ਇੱਕ ਲੜਕੇ ਦਾ ਪਿਤਾ ਹੈ। 15 ਜੂਨ ਨੂੰ ਸਵੇਰੇ ਨਹਾਉਂਦੇ ਸਮੇਂ ਊਸ ਨੂੰ ਦਿਲ ਦਾ ਦੌਰਾ ਪੈਣ ’ਤੇ ਸਾਥੀਆਂ ਨੇ ਤੁਰੰਤ ਉਥੋਂ ਦੇ ਇੱਕ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਹੁਣ ਨੌਜਵਾਨ ਦੀ ਮ੍ਰਿਤਕ ਦੇਹ ਉਥੋਂ ਦੇ ਹਸਪਤਾਲ ਵਿੱਚ ਹੀ ਪਈ ਹੈ। ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਉਹ ਗ਼ਰੀਬ ਪਰਿਵਾਰ ਨਾਲ ਸਬੰਧਤ ਹੋਣ ਕਾਰਨ ਆਪਣੇ ਲੜਕੇ ਦੀ ਦੇਹ ਭਾਰਤ ਲਿਆਉਣ ਤੋਂ ਅਸਮੱਰਥ ਹਨ। ਉਨ੍ਹਾਂ ਭਾਰਤ ਸਰਕਾਰ ਅਤੇ ਜ਼ਿਲ੍ਹਾ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਊਨ੍ਹਾਂ ਦੇ ਲੜਕੇ ਜਗਜੀਤ ਸਿੰਘ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਕਾਰਵਾਈ ਕੀਤੀ ਜਾਵੇ ਤਾਂ ਕਿ ਉਹ ਆਪਣੇ ਲੜਕੇ ਦਾ ਸਸਕਾਰ ਕਰ ਸਕਣ। ਇਸ ਮੌਕੇ ਜਗਜੀਤ ਸਿੰਘ ਦੀ ਮਾਤਾ ਚਰਨਜੀਤ ਕੌਰ, ਪਤਨੀ ਹਰਪ੍ਰੀਤ ਕੌਰ, ਗਗਨਦੀਪ ਸਿੰਘ, ਮਨਪ੍ਰੀਤ ਕੌਰ ਆਦਿ ਮੌਜੂਦ ਸਨ।