ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 21 ਸਤੰਬਰ
ਸ੍ਰੀ ਹਰਿਮੰਦਰ ਸਾਹਿਬ ਦੇ ਗੁਰੂ ਰਾਮਦਾਸ ਲੰਗਰ ਘਰ ਵਿਚ ਆਟਾ ਗੁੰਨਣ ਵਾਲੀ ਸਵੈਚਾਲਿਤ ਮਸ਼ੀਨ ਦੀ ਲਪੇਟ ਵਿਚ ਆਉਣ ਨਾਲ ਸ਼੍ਰੋਮਣੀ ਕਮੇਟੀ ਕਰਮਚਾਰੀ ਦੀ ਮੌਤ ਹੋ ਗਈ। ਮ੍ਰਿਤਕ ਦੀ ਸ਼ਨਾਖਤ ਬਲਰਾਜ ਸਿੰਘ ਵਜੋਂ ਹੋਈ ਹੈ, ਜੋ ਲਗਪਗ 45 ਵਰ੍ਹਿਆਂ ਦਾ ਸੀ ਅਤੇ ਝਬਾਲ ਨੇੜੇ ਪਿੰਡ ਦਾ ਵਾਸੀ ਸੀ। ਉਸ ਦੇ ਪਰਿਵਾਰ ਵਿਚ ਪਤਨੀ ਅਤੇ 3 ਬੱਚੇ ਹਨ। ਸ਼੍ਰੋਮਣੀ ਕਮੇਟੀ ਬੁਲਾਰੇ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਇਹ ਦੁਖਦਾਈ ਹਾਦਸਾ ਅੱਜ ਸਵੇਰੇ ਲਗਪਗ ਛੇ ਵਜੇ ਵਾਪਰਿਆ। ਇਹ ਸੇਵਾਦਾਰ ਲੰਗਰ ਘਰ ਵਿਚ ਆਟੇ ਵਾਲੀ ਮਸ਼ੀਨ ’ਤੇ ਸੇਵਾ ਨਿਭਾਅ ਰਿਹਾ ਸੀ। ਸੇਵਾ ਦੌਰਾਨ ਉਹ ਅਚਾਨਕ ਮਸ਼ੀਨ ਦੀ ਲਪੇਟ ਵਿਚ ਆ ਗਿਆ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਬੀਬੀ ਜਗੀਰ ਕੌਰ ਨੇ ਸੇਵਾਦਾਰ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।