ਪੱਤਰ ਪ੍ਰੇਰਕ
ਗੋਨਿਆਣਾ ਮੰਡੀ, 9 ਜੁਲਾਈ
ਬਠਿੰਡਾ ਜ਼ਿਲ੍ਹੇ ਦੀ ਹੱਦ ’ਤੇ ਵਸੇ ਪਿੰਡ ਅਬਲੂ ਦੇ ਗ਼ਰੀਬ ਪਰਿਵਾਰ ਦੇ ਲੜਕੇ ਦੀ ਸੂਏ ਵਿਚ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਸ਼ਨਾਖ਼ਤ ਹਰਜਿੰਦਰ ਸਿੰਘ 14 ਪੁੱਤਰ ਕੁਲਦੀਪ ਸਿੰਘ ਵਾਸੀ ਅਬਲੂ ਕੋਟਲੀ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਹਰਜਿੰਦਰ ਆਪਣੇ ਦੋਸਤਾਂ ਨਾਲ ਸਾਈਕਲ ’ਤੇ ਪਿੰਡ ਕੋਟਲੀ ਵਿਖੇ ਮੁਕਤਸਰ ਸਾਹਿਬ ਨੂੰ ਲੰਘਦੇ ਭਲਾਈਆਣਾ ਰਜਵਾਹੇ ’ਤੇ ਜਾਮਣਾ ਖਾਣ ਲਈ ਗਿਆ ਸੀ। ਗਰਮੀ ਨੂੰ ਦੇਖਦੇ ਹੋਏ ਹਰਜਿੰਦਰ ਨੇ ਨਹਾਉਣ ਲਈ ਸੂਏ ਵਿਚ ਛਾਲ ਮਾਰ ਦਿੱਤੀ ਤੇ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ। ਊਸ ਦੀ ਲਾਸ਼ ਕੋਠੇ ਕੋਇਰ ਸਿੰਘ ਵਾਲਾ ਦੇ ਸੂਏ ਦੇ ਪੁਲ ਕੋਲੋਂ ਬਰਾਮਦ ਹੋ ਗਈ ਹੈ। ਪੁਲੀਸ ਨੇ ਮ੍ਰਿਤਕ ਦੇ ਪਿਤਾ ਕੁਲਦੀਪ ਸਿੰਘ ਦੇ ਬਿਆਨ ’ਤੇ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।