ਪੱਤਰ ਪ੍ਰੇਰਕ
ਮਹਿਲ ਕਲਾਂ, 5 ਅਕਤੂਬਰ
ਬਰਨਾਲਾ-ਲੁਧਿਆਣਾ ਮੁੱਖ ਮਾਰਗ ’ਤੇ ਟੌਲ ਪਲਾਜ਼ੇ ਸਾਹਮਣੇ ਲੱਗੇ ਧਰਨੇ ਨੂੰ ਸੰਬੋਧਨ ਕਰਦਿਆਂ ਅਚਾਨਕ ਸਿਹਤ ਵਿਗੜਨ ਕਾਰਨ ਕਿਸਾਨ ਆਗੂ ਯਸ਼ਪਾਲ ਮਹਿਲ ਕਲਾਂ (68) ਦੀ ਮੌਤ ਹੋ ਗਈ। ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਸਕੱਤਰ ਯਸ਼ਪਾਲ ਜਦੋਂ ਅੱਜ ਸ਼ਾਮ ਚਾਰ ਵਜੇ ਦੇ ਕਰੀਬ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਸਨ ਤਾਂ ਊਹ ਅਚਾਨਕ ਡਿੱਗ ਪਏ। ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਹ ਸ਼ੂਗਰ ਤੇ ਦਿਲ ਦੀ ਬਿਮਾਰੀ ਤੋਂ ਪੀੜਤ ਸਨ। ਡਾਕਟਰਾਂ ਅਨੁਸਾਰ ਮੁੱਢਲੀ ਜਾਂਚ ’ਚ ਊਨ੍ਹਾਂ ਦੀ ਮੌਤ ਦਾ ਕਾਰਨ ਸ਼ੂਗਰ ਦਾ ਅਚਾਨਕ ਘਟਣਾ ਜਾਪਦਾ ਹੈ। ਯਸ਼ਪਾਲ ਸੇਵਾਮੁਕਤ ਅਧਿਆਪਕ ਸਨ ਅਤੇ ਖੱਬੇ ਪੱਖੀ ਜਥੇਬੰਦੀਆਂ ਵਿੱਚ ਸਰਗਰਮ ਰਹੇ।