ਪੱਤਰ ਪ੍ਰੇਰਕ
ਪਾਤੜਾਂ, 3 ਅਗਸਤ
ਇਥੋਂ ਦੀ ਜਾਖਲ ਰੋਡ ’ਤੇ ਜ਼ੋਰਾ ਬਸਤੀ ਵਿੱਚ ਬੱਚੇ ਦੀ ਖੱਡੇ ਵਿੱਚ ਭਰੇ ਬਰਸਾਤੀ ਪਾਣੀ ਵਿੱਚ ਡੁੱਬਣ ਨਾਲ ਮੌਤ ਹੋ ਗਈ। ਮੁਹੱਲਾ ਵਾਸੀਆਂ ਨੇ ਬੱਚੇ ਨੂੰ ਪਾਣੀ ਵਿਚੋਂ ਕੱਢ ਕੇ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਿਟੀ ਪੁਲੀਸ ਚੌਕੀ ਦੇ ਇੰਚਾਰਜ ਅੰਗਰੇਜ਼ ਸਿੰਘ ਨੇ ਸਥਿਤੀ ਦਾ ਜਾਇਜ਼ਾ ਲਿਆ। ਇਸ ਦੌਰਾਨ ਟੈਂਕਰਾਂ ਨਾਲ ਖੱਡੇ ਵਿੱਚੋਂ ਪਾਣੀ ਕੱਢਿਆ ਗਿਆ। ਇਹ ਪਤਾ ਲੱਗਾ ਹੈ ਕਿ ਦੁਪਹਿਰ ਚਾਰ ਵਜੇ ਦੇ ਕਰੀਬ ਮਿੱਕਲ ਕੁਮਾਰ ਦਾ ਛੇ ਸਾਲਾ ਪੁੱਤਰ ਬੀਵਾਨ ਕੁਮਾਰ ਆਪਣੇ ਸਾਥੀਆਂ ਨਾਲ ਮੁਹੱਲੇ ਵਿਚ ਖਾਲੀ ਪਏ ਪਲਾਟ ਵਿਚ ਰੋਜ਼ਾਨਾ ਦੀ ਤਰ੍ਹਾਂ ਖੇਡਣ ਗਿਆ ਸੀ। ਇਸ ਦੌਰਾਨ ਉਹ ਤਿਲਕ ਕੇ ਖੱਡੇ ਵਿਚ ਜਾ ਡਿੱਗਿਆ।