ਪੱਤਰ ਪ੍ਰੇਰਕ
ਕੁਰਾਲੀ, 5 ਮਾਰਚ
ਨਗਰ ਕੌਂਸਲ ਦੀ ਹੱਦ ਵਿੱਚ ਪੈਂਦੇ ਪਿੰਡ ਪਡਿਆਲਾ ਵਿੱਚ ਬੱਚੇ ਦੀ ਟੋਭੇ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਇਸ ਸਬੰਧੀ ਪੁਲੀਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਦੇ ਨਿਵਾਸੀ ਗੁਰਜੰਟ ਸਿੰਘ ਦਾ ਤਿੰਨ ਸਾਲਾ ਪੁੱਤਰ ਏਕਨੂਰ ਆਪਣੀ ਮਾਂ ਨਾਲ ਗੁਆਂਢੀਆਂ ਦੇ ਘਰ ਖੇਡਣ ਲਈ ਗਿਆ ਸੀ।
ਇਸੇ ਦੌਰਾਨ ਖੇਡਦਾ ਹੋਇਆ ਏਕਨੂਰ ਅਚਾਨਕ ਗਾਇਬ ਹੋ ਗਿਆ। ਪਰਿਵਾਰ ਅਤੇ ਪਿੰਡ ਵਾਸੀਆਂ ਨੇ ਏਕਨੂਰ ਦੀ ਕਾਫ਼ੀ ਭਾਲ ਕੀਤੀ ਪਰ ਜਦੋਂ ਉਹ ਨਾ ਲੱਭਿਆ ਤਾਂ ਪਿੰਡ ਦੇ ਹੀ ਟੋਭੇ ਲਾਗੇ ਉਸ ਦੀ ਭਾਲ ਕੀਤੀ ਗਈ। ਕੁਝ ਸਮੇਂ ਬਾਅਦ ਪਿੰਡ ਦੀਆਂ ਔਰਤਾਂ ਨੂੰ ਬੱਚਾ ਟੋਭੇ ਦੇ ਪਾਣੀ ਵਿੱਚ ਮੂੰਹ ਭਾਰ ਤੈਰਦਾ ਨਜ਼ਰ ਆਇਆ।
ਇਕੱਠੇ ਹੋਏ ਪਿੰਡ ਵਾਸੀਆਂ ਨੇ ਬੱਚੇ ਨੂੰ ਟੋਭੇ ਵਿੱਚੋਂ ਕੱਢ ਕੇ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਸਬੰਧੀ ਸੂਚਨਾ ਮਿਲਣ ’ਤੇ ਪੁਲੀਸ ਨੇ ਜਾਂਚ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਔਰਤ ਨੇ ਆਤਮ-ਹੱਤਿਆ ਕੀਤੀ
ਬਨੂੜ (ਪੱਤਰ ਪ੍ਰੇਰਕ): ਇੱਥੋਂ ਦੇ ਵਾਰਡ ਨੰਬਰ ਬਾਰਾਂ ਦੀ 35 ਵਰ੍ਹਿਆਂ ਦੀ ਔਰਤ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕਸ਼ੀ ਕਰ ਲਈ। ਮ੍ਰਿਤਕ ਮਹਿਲਾ ਚਾਰ ਬੱਚਿਆਂ ਦੀ ਮਾਂ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਮਹਿਲਾ ਘਰੇਲੂ ਗਰੀਬੀ ਕਾਰਨ ਪ੍ਰੇਸ਼ਾਨ ਸੀ। ਕ੍ਰਿਸ਼ਨਾ ਨਾਮੀ ਮਹਿਲਾ ਦਾ ਪਤੀ ਕੁਲਵਿੰਦਰ ਸਿੰਘ ਕੰਮ ਉੱਤੇ ਗਿਆ ਹੋਇਆ ਸੀ ਤੇ ਜਦੋਂ ਦੁਪਹਿਰ ਸਮੇਂ ਖਾਣਾ ਖਾਣ ਲਈ ਘਰ ਆਇਆ ਤਾਂ ਉਸ ਦੀ ਪਤਨੀ ਪੱਖੇ ਨਾਲ ਲਟਕ ਰਹੀ ਸੀ। ਮਹਿਲਾ ਦੇ ਪਤੀ ਨੇ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ। ਪੁਲੀਸ ਪਾਰਟੀ ਨੇ ਮੌਕੇ ’ਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਤੁਰੰਤ ਬਨੂੜ ਦੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਮੁਖੀ ਸੁਭਾਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਆਧਾਰ ਉੱਤੇ 174 ਅਧੀਨ ਕਾਰਵਾਈ ਕਰਦਿਆਂ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।