ਪੱਤਰ ਪ੍ਰੇਰਕ
ਪਾਤੜਾਂ, 11 ਅਗਸਤ
ਪਿੰਡ ਭੂਤਗੜ੍ਹ ਦੇ ਨੌਜਵਾਨ ਦੀ ਪੁਲੀਸ ਹਿਰਾਸਤ ਵਿੱਚ ਹੋਈ ਮੌਤ ਮਗਰੋਂ ਚੱਲ ਰਹੇ ਸੰਘਰਸ਼ ਦੌਰਾਨ ਪੀੜਤ ਪਰਿਵਾਰ ਅਤੇ ਪੁਲੀਸ ਵਿਚਕਾਰ ਸਮਝੌਤਾ ਅੱਜ ਸ਼ਾਮ ਸਿਰੇ ਚੜ੍ਹ ਗਿਆ, ਜਿਸ ਮਗਰੋਂ ਸੰਘਰਸ਼ ਵਾਪਿਸ ਲੈ ਲਿਆ ਗਿਆ। ਸੰਘਰਸ਼ ਦੇ ਪੰਜਵੇਂ ਦਿਨ ਵੀ ਧਰਨਾ ਜਾਰੀ ਰਿਹਾ। ਪੀੜਤ ਪਰਿਵਾਰ ਅਤੇ ਪੁਲੀਸ ਦਰਮਿਆਨ ਚੱਲਦੀ ਗਲਬਾਤ ਵਿੱਚ ਜਨਤਕ ਜਥੇਬੰਦੀਆਂ ਦੇ ਕਿਸੇ ਵੀ ਆਗੂ ਨੇ ਕੋਈ ਸ਼ਮੂਲੀਅਤ ਨਹੀਂ ਕੀਤੀ। ਸਮਝੌਤੇ ਮਗਰੋਂ ਛੇਵੇਂ ਦਿਨ ਮ੍ਰਿਤਕ ਬੀਰਬਲ ਸਿੰਘ ਦਾ ਅੰਤਿਮ ਸਸਕਾਰ ਕਰਨ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਦੋਨਾਂ ਧਿਰਾਂ ਦਰਮਿਆਨ ਹੋਏ ਆਪਸੀ ਸਮਝੌਤੇ ਮਗਰੋਂ ਵੱਖ ਵੱਖ ਕਿਸਾਨ ਮਜ਼ਦੂਰ ਸੰਗਠਨਾਂ ਦੇ ਅਧਾਰਿਤ ਬਣੀ ਐਕਸ਼ਨ ਕਮੇਟੀ ਨੇ ਧਰਨਾ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ, ਜਿਸ ਮਗਰੋਂ ਪੁਲੀਸ ਨੇ ਸੁੱਖ ਦਾ ਸਾਹ ਲਿਆ।