ਰਮੇਸ਼ ਭਾਰਦਵਾਜ
ਲਹਿਰਾਗਾਗਾ,16 ਅਗਸਤ
ਨੇੜਲੇ ਪਿੰਡ ਰਾਏਧਰਾਣਾ ’ਚ ਬਿਜਲੀ ਦੇ ਕਰੰਟ ਨਾਲ ਮਰੇ ਬਿਜਲੀ ਮਕੈਨਿਕ ਦੀ ਲਾਸ਼ ਪੋਸਟਮਾਟਰਮ ਮਗਰੋਂ ਅੱਜ ਦੂਜੇ ਦਿਨ ਵੀ ਪਾਵਰਕੌਮ ਦੇ ਬਿਜਲੀ ਗਰਿੱਡ ਦੇ ਅੱਗੇ ਸੜਕ ’ਤੇ ਰੱਖਕੇ ਲੋਕਾਂ ਵੱਲੋਂ ਲਗਾਤਾਰ ਨਾਅਰੇਬਾਜ਼ੀ ਕਰਕੇ ਲਾਸ਼ ਦਾ ਸਸਕਾਰ ਨਾ ਕਰਨ ਦਾ ਐਲਾਨ ਕੀਤਾ ਹੈ। ਧਰਨਾਕਾਰੀਆਂ ਨੇ ਮ੍ਰਿਤਕ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਅਤੇ 25 ਲੱਖ ਰੁਪਏ ਦੇਣ ਦੀ ਮੰਗ ਕੀਤੀ ਜਾ ਰਹੀ ਹੈ।
ਥਾਣਾ ਸਦਰ ਦੇ ਐੱਸਐੱਚਓ ਸੁਰਿੰਦਰ ਭੱਲਾ ਨੇ ਮ੍ਰਿਤਕ ਦੇ ਭਰਾ ਜੀਤ ਸਿੰਘ ਦੇ ਬਿਆਨ ’ਤੇ ਪਾਵਰਕੌਮ ਦੇ ਜੇਈ ਹਰੀ ਸਿੰਘ ਦੁਗਾਲ, ਲਾਈਨਮੈਨ ਗੁਰਸੇਵਕ ਸਿੰਘ ਡੂਡੀਆਂ ਅਤੇ ਸਹਾਇਕ ਲਾਈਨਮੈਨ ਓਮਕਾਰ ਸ਼ਰਮਾ ਖਿਲਾਫ਼ ਧਾਰਾ 304,34 ਆਈਪੀਸੀ ਅਧੀਨ ਕੇਸ ਦਰਜ ਕਰਕੇ ਪੋਸਟਮਾਟਰਮ ਕਰਵਾ ਦਿੱਤਾ ਹੈ। ਜਿਕਰਯੋਗ ਹੈ ਕਿ ਪਿੰਡ ਦਾ 24 ਸਾਲ ਦਾ ਨੌਜਵਾਨ ਗੋਬਿੰਦ ਰਾਮ ਪਿੰਡ ’ਚ ਪ੍ਰਾਈਵੇਟ ਬਿਜਲੀ ਦਾ ਮਕੈਨਿਕ ਸੀ ਅਤੇ 15 ਅਗਸਤ ਨੂੰ ਸਵੇਰੇੇ ਬਿਜਲੀ ਕਾਮੇ ਫਾਲਟ ਲਾਈਨ ਠੀਕ ਕਰਨ ਲਈ ਉਸ ਨੂੰ ਨਾਲ ਲੈ ਗਏ ਅਤੇ ਖੰਬੇ ਦੀ ਬਿਜਲੀ ਬਿਨ੍ਹਾਂ ਕੱਟੇ ਉਸ ਨੂੰ ਉਪਰ ਚਾੜ੍ਹ ਦਿੱਤਾ ਤਾਂ ਕਰੰਟ ਲੱਗਣ ਕਰਕੇ ਉਸ ਦੀ ਮੌਤ ਹੋ ਗਈ।