ਨਿੱਜੀ ਪੱਤਰ ਪ੍ਰੇਰਕ
ਮੰਡੀ ਗੋਬਿੰਦਗੜ੍ਹ, 29 ਜੂਨ
ਇੱਥੋਂ ਦੀ ਜਾਲ ਮਾਰਕੀਟ ਵਿੱਚ ਅੱਜ ਦੁਪਹਿਰ ਕਰੀਬ 12 ਵਜੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਾਜੀਵ ਸਿੰਗਲਾ ਦੇ ਦਫ਼ਤਰ ਵਿੱਚ ਦੋ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਸ੍ਰੀ ਸਿੰਗਲਾ ’ਤੇ ਦਾਤਰ ਨਾਲ ਹਮਲਾ ਕੀਤਾ ਜਦਕਿ ਉਨ੍ਹਾਂ ਦੇ ਸਾਥੀ ਨੀਟੂ ਸ਼ਰਮਾ ਦੇ ਪੈਰ ’ਤੇ ਗੋਲੀ ਮਾਰੀ। ਸ੍ਰੀ ਸਿੰਗਲਾ ਨੇ ਦੱਸਿਆ ਕਿ ਹਮਲਾਵਰ ਉਨ੍ਹਾਂ ਦਾ ਰਿਵਾਲਵਰ ਖੋਹ ਕੇ ਫ਼ਰਾਰ ਹੋ ਗਏ ਅਤੇ ਜਾਂਦੇ ਹੋਏ ਉਸ ਦੇ ਸਾਥੀ ਨੀਟੂ ਸ਼ਰਮਾ ਨੂੰ ਵੀ ਜ਼ਖ਼ਮੀ ਕਰ ਗਏ। ਦੋਵੇਂ ਜ਼ਖ਼ਮੀਆਂ ਨੂੰ ਮੰਡੀ ਗੋਬਿੰਦਗੜ੍ਹ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਪਰ ਬਾਅਦ ਵਿਚ ਸਿੰਗਲਾ ਨੂੰ ਅਪੋਲੋ ਹਸਪਤਾਲ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ। ਥਾਣਾ ਮੁਖੀ ਰੁਪਿੰਦਰ ਬਾਜਵਾ ਅਤੇ ਡੀਐੱਸਪੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਹਥਿਆਰ ਬਰਾਮਦ ਕਰ ਲਏ ਗਏ ਹਨ। ਜ਼ਿਲ੍ਹਾ ਪੁਲੀਸ ਮੁਖੀ ਅਮਨੀਤ ਕੌਂਡਲ ਨੇ ਦੱਸਿਆ ਕਿ ਸੀ.ਸੀ.ਟੀ.ਵੀ. ਫੁਟੇਜ ਦੇ ਅਧਾਰ ’ਤੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।