ਕੁਲਦੀਪ ਸਿੰਘ
ਚੰਡੀਗੜ੍ਹ, 3 ਜੂਨ
ਪੰਜਾਬ ਦੀ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਦੀ ਵਿੱਤ ਕਮਿਸ਼ਨਰ ਰੈਵੇਨਿਊ ਰਵਨੀਤ ਕੌਰ ਆਈਏਐੱਸ ਅਤੇ ਵਧੀਕ ਮੁੱਖ ਸਕੱਤਰ ਮਾਲ ਮਨਵੇਸ਼ ਸਿੱਧੂ ਆਈਏਐੱਸ ਨਾਲ ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ ਦੇ ਕਮੇਟੀ ਰੂਮ ਵਿੱਚ ਹੋਈ ਮੀਟਿੰਗ ਵੀ ਬੇਸਿੱਟਾ ਰਹੀ। ਮੀਟਿੰਗ ਵਿੱਚ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ, ਜਨਰਲ ਸਕੱਤਰ ਜੋਗਿੰਦਰ ਕੁਮਾਰ ਜ਼ੀਰਾ ਅਤੇ ਚੇਅਰਮੈਨ ਓਮ ਪ੍ਰਕਾਸ਼ ਸ਼ਾਮਲ ਹੋਏ। ਯੂਨੀਅਨ ਨੂੰ ਪਹਿਲਾਂ ਵਰਗਾ ਭਰੋਸਾ ਹੀ ਦਿੱਤਾ ਗਿਆ, ਜਿਸ ਕਾਰਨ ਉਨ੍ਹਾਂ ਹੜਤਾਲ ਜਾਰੀ ਰੱਖਣ ਦਾ ਐਲਾਨ ਕਰਦਿਆਂ ਯੂਨੀਅਨ ਵੱਲੋਂ ਭਲਕੇ ਸ਼ੁੱਕਰਵਾਰ ਨੂੰ 11 ਵਜੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਨਾਲ ਵਰਚੁਅਲ ਮੀਟਿੰਗ ਰਾਹੀਂ ਅਗਲਾ ਫ਼ੈਸਲਾ ਲੈਣ ਦੀ ਗੱਲ ਕਹੀ ਗਈ।
ਯੂਨੀਅਨ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਨੇ ਦੱਸਿਆ ਕਿ ਕਰੀਬ ਡੇਢ ਘੰਟਾ ਚੱਲੀ ਮੀਟਿੰਗ ਵਿੱਚ ਯੂਨੀਅਨ ਦੇ ਸਾਰੇ ਮੁੱਦਿਆਂ ’ਤੇ ਵਿਚਾਰ ਹੋਇਆ। ਸਰਕਾਰ ਵੱਲੋਂ ਕੋਈ ਨਵਾਂ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ। ਇਸ ਮੌਕੇ ਕਲਰਕਾਂ ਤੇ ਸੀਨੀਅਰ ਸਹਾਇਕਾਂ ਦੀਆਂ ਖਾਲੀ ਰਹਿਣ ਕਰਕੇ ਖ਼ਤਮ ਹੋ ਚੁੱਕੀਆਂ 904 ਦੇ ਕਰੀਬ ਅਸਾਮੀਆਂ ਨੂੰ ਮੁੜ ਬਹਾਲ ਕਰਨ, ਐੱਸਡੀਐੱਮ ਦਫ਼ਤਰਾਂ ਵਿੱਚ ਸੁਪਰਡੈਂਟ (ਜਨਰਲ) ਦੀ ਆਸਾਮੀ ਨੂੰ ਸੁਪਰਡੈਂਟ (ਮਾਲ) ਵਜੋਂ ਵਿਚਾਰਨ ਦਾ ਭਰੋਸਾ ਦਿੱਤਾ ਗਿਆ ਹੈ।
‘ਕੈਪਟਨ ਸਰਕਾਰ ਗੁੰਮ ਹੈ, ਜੇ ਕਿਤੇ ਮਿਲੇ ਤਾਂ ਦੱਸਣਾ’
ਮੋਗਾ (ਨਿੱਜੀ ਪੱਤਰ ਪ੍ਰੇਰਕ): ਸੂਬਾ ਭਰ ਵਿੱਚ ਡੀਸੀ ਦਫ਼ਤਰ ਦੇ ਕਰਮਚਾਰੀਆਂ ਦੀ ਲਗਤਾਰ 11ਵੇਂ ਦਿਨ ਹੜਤਾਲ ਹੜਤਾਲ ਕਾਰਨ ਅੱਜ ਤਹਿਸੀਲਾਂ ਵਿੱਚ ਕੰਮ ਫਿਰ ਠੱਪ ਰਿਹਾ। ਇਸ ਦੌਰਾਨ ਹੜਤਾਲੀ ਕਾਮਿਆਂ ਵੱਲੋਂ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ‘ਕੈਪਟਨ ਸਰਕਾਰ ਗੁੰਮ ਹੈ, ਲੱਭੋ…ਲੱਭੋ, ਜੇ ਕਿਤੇ ਮਿਲੇ ਦੱਸਣਾ’ ਮੁਹਿੰਮ ਤਹਿਤ ਪੋਸਟਰ ਲਗਾਏ ਜਾ ਰਹੇ ਹਨ। ਡੀਸੀ ਦਫ਼ਤਰ ਦੇ ਕਰਮਚਾਰੀਆਂ ਨੇ ਕਿਹਾ ਕਿ ਕੈਪਟਨ ਸਰਕਾਰ ਗੁੰਮ ਹੈ, ਸੂਬੇ ਵਿੱਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ ਅਤੇ ਆਮ ਲੋਕ ਕੰਮਾਂ ਲਈ ਖੁਆਰ ਹੋ ਰਹੇ ਹਨ। ਕਰਮਚਾਰੀਆਂ ਨੇ ਕਿਹਾ ਕਿ ਕਾਂਗਰਸ ਸਰਕਾਰ ’ਚ ਖਾਨਾਜੰਗੀ ਕਾਰਨ ਬਾਬੂਆਂ ਦੀਆਂ ਮੰਗਾਂ ਅਤੇ ਲੋਕਾਂ ਦੀ ਇਹ ਸਮੱਸਿਆ ਸ਼ਾਇਦ ਸਰਕਾਰ ਨੂੰ ਦਿਖਾਈ ਨਹੀਂ ਦੇ ਰਹੀ। ਇਥੇ ਡੀਸੀ ਦਫ਼ਤਰੀ ਕਾਮਿਆਂ ਨੇ ਕੈਪਟਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜਥੇਬੰਦੀ ਪ੍ਰਧਾਨ ਹਰਮੀਤ ਸਿੰਘ, ਮੰਗਤ ਸਿੰਘ, ਦਲਬੀਰ ਸਿੰਘ ਸਿੱਧੂ, ਸੰਦੀਪ ਕੁਮਾਰ, ਮੁਲਖ ਰਾਜ ਸਿੰਘ, ਪ੍ਰਸ਼ੋਤਮ ਲਾਲ, ਤਿੇੰਜੰਦਰ ਸਿੰਘ ਖਹਿਰਾ, ਸੁਪਰਡੈਂਟ ਪਰਵੀਨ ਕੁਮਾਰ, ਗੁਰਜੀਤ ਸਿੰਘ ਔਲਖ, ਗੁਰਜੀਤ ਸਿੰਘ ਲੋਪੋ ਅਤੇ ਸਤਨਾਮ ਸਿੰਘ ਨੇ ਕਿਹਾ ਕਿ ਸੁੱਤੀ ਪਈ ਸਰਕਾਰ ਨੂੰ ਜਗਾਉਣ ਲਈ ਪੋਸਟਰ ਮੁਹਿੰਮ ਵਿੱਢੀ ਗਈ ਹੈ। ਉਨ੍ਹਾਂ 5 ਜੂਨ ਨੂੰ ਮਾਲੇਰਕੋਟਲਾ ਦੇ ਜ਼ਿਲ੍ਹਾ ਹੈੱਡਕੁਆਰਟਰ ਦੇ ਉਦਘਾਟਨੀ ਸਮਾਗਮ ਮੌਕੇ ਕੀਤੀ ਜਾਣ ਵਾਲੀ ਸੂਬਾ ਪੱਧਰੀ ਰੋਸ ਰੈਲੀ ਨੂੰ ਕਾਮਯਾਬ ਕਰਨ ਦਾ ਸੱਦਾ ਦਿੱਤਾ।