ਪੱਤਰ ਪ੍ਰੇਰਕ
ਮਾਨਸਾ, 10 ਨਵੰਬਰ
ਟਿਕਰੀ ਮੋਰਚੇ ’ਤੇ 28 ਅਕਤੂਬਰ ਨੂੰ ਟਿੱਪਰ ਹੇਠ ਆਉਣ ਕਾਰਨ ਸ਼ਹੀਦ ਹੋਈਆਂ ਤਿੰਨ ਜੁਝਾਰੂ ਮਾਈਆਂ ਅਮਰਜੀਤ ਕੌਰ, ਸੁਖਵਿੰਦਰ ਕੌਰ ਤੇ ਗੁਰਮੇਲ ਕੌਰ ਲਈ ਪੰਜਾਬ ਸਰਕਾਰ ਤੋਂ ਮੁਆਵਜ਼ਾ ਲੈਣ ਲਈ ਬੀਕੇਯੂ ਏਕਤਾ (ਉਗਰਾਹਾਂ) ਵੱਲੋਂ ਭਲਕੇ 11 ਨਵੰਬਰ ਤੋਂ ਮਾਨਸਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਅਣਮਿਥੇ ਸਮੇਂ ਲਈ ਧਰਨਾ ਲਾਇਆ ਜਾਵੇਗਾ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਧਰਨੇ ਵਿੱਚ ਤਿੰਨਾਂ ਮਾਈਆਂ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੂੰ ਬਿਠਾਇਆ ਜਾਵੇਗਾ, ਜਦੋਂ ਕਿ ਯੂਨੀਅਨ ਦੀਆਂ ਪੇਂਡੂ ਇਕਾਈਆਂ ਵੱਲੋਂ ਭਰਵੇਂ ਰੂਪ ਵਿੱਚ ਹਰ-ਰੋਜ਼ ਸਮੂਲੀਅਤ ਕੀਤੀ ਜਾਇਆ ਕਰੇਗੀ। ਯੂਨੀਅਨ ਨੇ ਦਾਅਵਾ ਕੀਤਾ ਕਿ ਇਨ੍ਹਾਂ ਮਾਈਆਂ ਲਈ ਮੁਆਵਜ਼ੇ ਦੀ ਬਣਦੀ 10-10 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਲੈ ਕੇ ਹੀ ਧਰਨੇ ਦੀ ਸਮਾਪਤੀ ਕੀਤੀ ਜਾਵੇਗੀ।