ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 12 ਜੁਲਾਈ
ਪੰਜਾਬ ਸਰਕਾਰ ਵੱਲੋਂ ਮਾਲ ਵਿਭਾਗ ਦੇ ਕੰਮ ਨੂੰ ਹੋਰ ਸੁਚਾਰੂ ਬਣਾਉਣ ਲਈ ਸੂਬੇ ਵਿੱਚ 1090 ਮਾਲ ਪਟਵਾਰੀਆਂ ਦੀ ਭਰਤੀ ਕੀਤੀ ਗਈ ਹੈ, ਜਿਸ ਤਹਿਤ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਲਈ ਕੁੱਲ 23 ਪਟਵਾਰੀਆਂ ਦੀ ਚੋਣ ਕੀਤੀ ਗਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ 20 ਨਵ-ਨਿਯੁਕਤ ਪਟਵਾਰੀ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡਣ ਮੌਕੇ ਦਿੱਤੀ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਨਵੇਂ ਰੱਖੇ ਪਟਵਾਰੀਆਂ ਨੂੰ ਮਾਲ ਵਿਭਾਗ ਦੇ ਕੰਮਾਂ ਬਾਰੇ ਸਿਖਲਾਈ ਦੇਣ ਲਈ 11 ਆਰਜ਼ੀ ਸਕੂਲ ਖੋਲ੍ਹੇ ਗਏ ਹਨ। ਜ਼ਿਲ੍ਹੇ ਦੇ ਪਟਵਾਰੀਆਂ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ’ਚ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਨਵ-ਨਿਯੁਕਤ ਪਟਵਾਰੀ ਉਮੀਦਵਾਰਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਮਾਨਦਾਰੀ ਤੇ ਸਖ਼ਤ ਮਿਹਨਤ ਨਾਲ ਆਪਣੇ ਫਰਜ਼ਾਂ ਦੀ ਪੂਰਤੀ ਕਰਨ। ਇਸ ਮੌਕੇ ਸਦਰ ਕਾਨੂੰਨਗੋ ਅਮਿਤਾਭ ਤਿਵਾੜੀ, ਕਾਨੂੰਨਗੋ ਸਰਬਜੀਤ ਸਿੰਘ ਵਾਲੀਆ, ਕੁਲ ਹਿੰਦ ਕਾਨੂੰਨਗੋ ਐਸੋਸੀਏਸ਼ਨ ਦੇ ਮੈਂਬਰ ਮੋਹਨ ਸਿੰਘ ਭੇਡਪੁਰਾ ਆਦਿ ਮੌਜੂਦ ਸਨ।