ਪੱਤਰ ਪ੍ਰੇਰਕ
ਲੰਬੀ, 2 ਅਕਤੂਬਰ
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਐੱਮਕੇ ਅਰਵਿੰਦ ਕੁਮਾਰ ਅੱਜ ਲੰਬੀ ਹਲਕੇ ਦੇ ਪਿੰਡ ਰੱਤਾਖੇੜਾ ਵੱਡਾ ਵਿੱਚ ਬੀਤੇ ਦਿਨੀਂ ਖੁਦਕੁਸ਼ੀ ਕਰ ਗਏ 27 ਸਾਲਾ ਕਿਸਾਨ ਮਨੀਪਾਲ ਦੇ ਪਰਿਵਾਰ ਕੋਲ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਵੱਲੋਂ ਭੇਜਿਆ ਸ਼ੋਕ ਸੰਦੇਸ਼ ਲੈ ਕੇ ਪੁੱਜੇ। ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸੇਵੇਵਾਲਾ ਨੇ ਕਿਹਾ ਕਿ ਖੇਤੀਬਾੜੀ ਮੰਤਰੀ ਦੇ ਭੇਜਣ ’ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਖੁਦਕੁਸ਼ੀ ਪੀੜਤ ਕਿਸਾਨ ਦੇ ਪਰਿਵਾਰ ਦੀ ਸੁੱਧ ਆਈ, ਜਦਕਿ ਬੀਤੇ ਦਿਨੀਂ ਜ਼ਿਲ੍ਹੇ ਦੇ ਪਿੰਡ ਭਾਗਸਰ ਵਿੱਚ ਮਗਨਰੇਗਾ ਦਿਹਾੜੀ ਤੋਂ ਪਰਤਦੇ ਸਮੇਂ ਰੇਲ ਗੱਡੀ ਹੇਠਾਂ ਆਉਣ ਕਰਕੇ ਮਾਰੀ ਗਈ ਅੰਗਰੇਜ਼ ਕੌਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿਖਾਈ ਨਹੀਂ ਦਿੱਤੀ। ਡਿਪਟੀ ਕਮਿਸ਼ਨਰ ਅਰਵਿੰਦ ਕੁਮਾਰ ਨੇ ਕਿਹਾ ਕਿ ਮ੍ਰਿਤਕ ਔਰਤ ਦੇ ਪਰਿਵਾਰ ਨੂੰ 50 ਹਜ਼ਾਰ ਰੁਪਏ ਦੇ ਦਿੱਤੇ ਗਏ ਹਨ ਤੇ ਕਾਨੂੰਨੀ ਨਿਯਮਾਂ ਮੁਤਾਬਕ ਹਰ ਸੰਭਵ ਮਦਦ ਕੀਤੀ ਜਾਵੇਗੀ।