ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 17 ਮਈ
ਸੈਰ ਸਪਾਟਾ ਅਤੇ ਸੱਭਿਆਚਾਰ ਮਾਮਲੇ ਵਿਭਾਗ ਪੰਜਾਬ ਵੱਲੋਂ ਕੌਮਾਂਤਰੀ ਮਿਊਜ਼ੀਅਮ ਦਿਵਸ ਮੌਕੇ ਦਾਸਤਾਨ-ਏ-ਸ਼ਹਾਦਤ (ਥੀਮ ਪਾਰਕ) ਚਮਕੌਰ ਸਾਹਿਬ ਵਿੱਚ 16 ਤੋਂ 20 ਮਈ ਤੱਕ ਕਰਵਾਏ ਜਾ ਰਹੇ ਵੱਖ-ਵੱਖ ਸਮਾਗਮ ਦਰਸ਼ਕਾਂ ਅਤੇ ਸਕੂਲੀ ਵਿਦਿਆਰਥੀਆਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ। ਵਿਭਾਗ ਦੇ ਐਕਸੀਅਨ ਭੁਪਿੰਦਰ ਸਿੰਘ ਚਾਨਾ ਅਤੇ ਐੱਸਡੀਓ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਅਤੇ ਡਾਇਰੈਕਟਰ ਕਰਨੇਸ਼ ਸ਼ਰਮਾ ਦੀਆਂ ਹਦਾਇਤਾਂ ਅਨਸੁਾਰ ਇਨ੍ਹਾਂ ਦਿਨਾਂ ਦੌਰਾਨ ਦਾਸਤਾਨ-ਏ-ਸ਼ਹਾਦਤ ਬੀਤੇ ਕੱਲ੍ਹ ਸੋਮਵਾਰ ਨੂੰ ਵੀ ਖੋਲ੍ਹਿਆ ਗਿਆ, ਕਿਉਂਕਿ ਥੀਮ ਪਾਰਕ ਵਿੱਚ ਹਫਤੇ ਦੌਰਾਨ ਸੋਮਵਾਰ ਨੂੰ ਛੁੱਟੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਸੇ ਦਿਨ ਵਿੱਚ ਸਕੂਲ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਜਿੱਥੇ ਦਾਸਤਾਨ-ਏ-ਸ਼ਹਾਦਤ ਵਿਖਾ ਕੇ ਇਸ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ, ਉੱਥੇ ਕੌਮਾਂਤਰੀ ਮਿਊਜ਼ਿਅਮ ਦਿਵਸ ਮਨਾਉਣ ਅਤੇ ਇਸ ਦੇ ਉਦੇਸ਼ ਬਾਰੇ ਵੀ ਜਾਣੂ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਅੱਜ ਦਾਸਤਾਨ-ਏ-ਸ਼ਹਾਦਤ ਵਿੱਚ ਪੌਦੇ ਲਗਾਏ ਗਏ ਅਤੇ ਕੰਪਲੈਕਸ ਦੇ ਆਲੇ ਦੁਆਲੇ ਸਾਫ ਸਫਾਈ ਕੀਤੀ ਗਈ। 18 ਨੂੰ ਪੇਟਿੰਗ ਅਤੇ ਭਾਸ਼ਣ ਮੁਕਾਬਲੇ, 19 ਨੂੰ ਗਤਕਾ ਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਣਗੇ।