ਬਲਵਿੰਦਰ ਰੈਤ
ਨੂਰਪੁਰ ਬੇਦੀ, 24 ਅਕਤੂਬਰ
ਜੰਮੂ-ਕਸ਼ਮੀਰ ਵਿੱਚ ਸ਼ਹੀਦ ਹੋਏ ਭਾਰਤੀ ਫ਼ੌਜ ਦੇ ਜਵਾਨ ਗੱਜਣ ਸਿੰਘ ਦੇ ਜੀਵਨ ’ਤੇ ਡਾਇਰੈਕਟਰ ਦਰਸ਼ਨ ਔਲਖ ਨੇ ਇਕ ਫਿਲਮ ਬਣਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਇਹ ਐਲਾਨ ਅੱਜ ਗੱਜਣ ਸਿੰਘ ਦੇ ਜੱਦੀ ਪਿੰਡ ਪੱਚਰੰਡਾ ਵਿੱਚ ਸ਼ਹੀਦ ਦੀ ਅੰਤਿਮ ਅਰਦਾਸ ਮੌਕੇ ਕੀਤਾ। ਇਸ ਮੌਕੇ ਫਿਲਮਸਾਜ਼ ਦਰਸ਼ਨ ਔਲਖ ਨੇ ਸ਼ਹੀਦ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਸ਼ਹੀਦ ਗੱਜਣ ਸਿੰਘ ਨੇ ‘ਜੈ ਜਵਾਨ ਜੈ ਕਿਸਾਨ’ ਦਾ ਨਾਅਰਾ ਪੂਰਾ ਕਰ ਦਿੱਤਾ ਹੈ। ਸ਼ਹੀਦ ਦੇ ਫੁੱਫੜ ਬਾਬਾ ਦਿਲਬਾਗ ਸਿੰਘ ਨੇ ਦੱਸਿਆ ਕਿ ਗੱਜਣ ਸਿੰਘ ਦਾ ਕਿਸਾਨ ਅੰਦੋਲਨ ਪ੍ਰਤੀ ਕਾਫ਼ੀ ਝੁਕਾਅ ਸੀ। ਜ਼ਿਕਰਯੋਗ ਹੈ ਕਿ ਦਰਸ਼ਨ ਔਲਖ ਕੁਝ ਦਿਨ ਪਹਿਲਾਂ ਹੀ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਆਏ ਸਨ। ਸ੍ਰੀ ਔਲਖ ਨੇ ਕਿਹਾ ਕਿ ਉਨ੍ਹਾਂ ਗੱਜਣ ਸਿੰਘ ਦੇ ਜੀਵਨ ਬਾਰੇ ਸੁਣ ਕੇ ਹੀ ਫਿਲਮ ਬਣਾਉਣ ਦਾ ਮਨ ਬਣਾਇਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਤੇ ਪਰਿਵਾਰ ਵੱਲੋਂ ਵੀ ਕਾਫ਼ੀ ਸਹਿਯੋਗ ਦਿੱਤਾ ਜਾ ਰਿਹਾ ਹੈ ਤੇ ਉਹ ਛੇਤੀ ਹੀ ਫਿਲਮ ਸ਼ੁਰੂ ਕਰ ਕੇ ਪ੍ਰਾਜੈਕਟ ਨੂੰ ਸਿਰੇ ਚੜ੍ਹਾਉਣਗੇ। ਉਨ੍ਹਾਂ ਕਿਹਾ ਕਿ ਫਿਲਮ ਦਾ ਮੁੱਢਲਾ ਕੰਮ ਸ਼ੁਰੂ ਹੋ ਗਿਆ ਹੈ।