ਜਗਜੀਤ ਕੁਮਾਰ
ਖਮਾਣੋਂ, 31 ਅਕਤੂਬਰ
ਪੰਚਾਇਤ ਤੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਸ਼ਾਮ ਇੱਥੋਂ ਦੀ ਅਨਾਜ ਮੰਡੀ ਦਾ ਦੌਰਾ ਕੀਤਾ ਜਿਨ੍ਹਾਂ ਨੂੰ ਹਲਕੇ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਅਤੇ ਐੱਸ.ਡੀ.ਐੱਮ ਪਰਲੀਨ ਕੌਰ ਕਾਲੇਕਾ ਨੇ ਜੀ ਆਇਆਂ ਕਿਹਾ। ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੁੰਦਿਆਂ ਕਿਸੇ ਵੀ ਕਿਸਾਨ ਨੂੰ ਮੰਡੀਆਂ ’ਚ ਪ੍ਰੇਸ਼ਾਨੀ ਨਹੀਂ ਝੱਲਣੀ ਪਵੇਗੀ ਅਤੇ ਕਿਸਾਨਾਂ ਨੂੰ ਡੀਏਪੀ ਖਾਦ ਦੀ ਆ ਰਹੀ ਦਿੱਕਤ ਨੂੰ ਤੁਰੰਤ ਦੂਰ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪਹਿਲਾ ਮੌਕਾ ਹੈ ਕਿ ਕਿਸਾਨਾਂ ਦੀ ਫ਼ਸਲ ਮਹਿਜ਼ 12 ਘੰਟਿਆਂ ’ਚ ਚੁੱਕ ਕੇ ਕਿਸਾਨਾਂ ਨੂੰ ਅਦਾਇਗੀ ਕਰ ਦਿੱਤੀ ਗਈ। ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਸਰਕਾਰ ਵੱਲੋਂ ਬਣਦਾ ਸਹਿਯੋਗ ਦਿੱਤਾ ਜਾ ਰਿਹਾ ਹੈ ਜਿਸ ਦੇ ਆਉਣ ਵਾਲੇ ਸਮੇਂ ਚ ਵੀ ਕਈ ਤਰ੍ਹਾਂ ਦੇ ਬਦਲਵੇਂ ਹੱਲ ਲੱਭੇ ਜਾਣਗੇ । ਕੁਲਦੀਪ ਸਿੰਘ ਧਾਲੀਵਾਲ ਨੇ ਕਿਸਾਨਾਂ ਦੀਆਂ ਝੋਨੇ ਦੀਆਂ ਢੇਰੀਆ ਦਾ ਜਾਇਜ਼ਾ ਵੀ ਲਿਆ। ਇਸ ਮੌਕੇ ਉਪ ਪੁਲੀਸ ਕਪਤਾਨ ਰਮਿੰਦਰ ਸਿੰਘ ਕਾਹਲੋਂ,ਐੱਸ. ਐੱਚ.ਓ ਬਲਵੀਰ ਸਿੰਘ, ਗੁਰਦੇਵ ਸਿੰਘ (ਚੇਅਰਮੈਨ ਪੀ.ਏ.ਡੀ.ਬੀ ਬੈਂਕ), ਬਲਾਕ ਪ੍ਰਧਾਨ ਕਵਿੱਕਰ ਸਿੰਘ ਬਰਵਾਲੀ, ਸੀਨੀਅਰ ‘ਆਪ’ ਆਗੂ ਅਤੇ ਕੌਂਸਲਰ ਗੁਰਦੀਪ ਸਿੰਘ ਖਮਾਣੋਂ, ਗੁਰਪ੍ਰੀਤ ਗੋਪੀ, ਜੁਝਾਰ ਸਿੰਘ ਭਾਮੀਆਂ, ਡਾਇਰੈਕਟਰ ਮਨਦੀਪ ਸਿੰਘ ਧਨੌਲਾ ਸਣੇ ਹੋਰ ਅਫ਼ਸਰ ਅਤੇ ਆੜ੍ਹਤੀ ਵੀ ਮੌਜੂਦ ਸਨ।
ਡੀਏਪੀ ਖਾਦ ਨਾ ਮਿਲਣ ਕਾਰਨ ਕਿਸਾਨ ਪ੍ਰੇਸ਼ਾਨ
ਘਨੌਲੀ (ਜਗਮੋਹਨ ਸਿੰਘ): ਕਣਕ ਦੀ ਬਿਜਾਈ ਲਈ ਸਮੇਂ ਸਿਰ ਖਾਦ ਨਾ ਮਿਲਣ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਹੈ। ਅੱਜ ਇੱਥੇ ਬਹੁਮੰਤਵੀ ਸਹਿਕਾਰੀ ਸਭਾ ਘਨੌਲੀ ਵਿੱਚ ਇਕੱਤਰ ਹੋਏ ਕਿਸਾਨਾਂ ਹਰਫੂਲ ਸਿੰਘ ਘਨੌਲੀ, ਸਰਪੰਚ ਸਰਵਣ ਸਿੰਘ ਬਿੱਕੋਂ, ਸਰਿੰਦਰ ਸਿੰਘ, ਗੁਰਦਿਆਲ ਸਿੰਘ, ਰਾਜਿੰਦਰ ਸਿੰਘ ਸਾਹੋਮਾਜਰਾ, ਦਲਬਾਰਾ ਸਿੰਘ ਤੇ ਹੰਸ ਰਾਜ ਆਦਿ ਨੇ ਕਿਹਾ ਕਿ ਝੋਨੇ ਦੀ ਫਸਲ ਨੂੰ ਲੱਗੀ ਬਿਮਾਰੀ ਨੇ ਪਹਿਲਾਂ ਹੀ ਕਿਸਾਨਾਂ ਦੇ ਲੱਕ ਤੋੜੇ ਹੋਏ ਹਨ ਅਤੇ ਉੱਪਰੋਂ ਹੁਣ ਸਰਕਾਰ ਵੱਲੋਂ ਸਮੇਂ ਸਿਰ ਡੀ.ਏ.ਪੀ. ਖਾਦ ਨਾ ਦੇ ਕੇ ਕਣਕ ਦੀ ਬਿਜਾਈ ਲੇਟ ਕੀਤੀ ਜਾ ਰਹੀ ਹੈ। ਕਿਸਾਨਾਂ ਨੇ ਦੱਸਿਆ ਕਿ ਸਹਿਕਾਰੀ ਸਭਾਵਾਂ ਦੇ ਨੁਮਾਇੰਦੇ ਉਨ੍ਹਾਂ ਨੂੰ ਘੰਟਿਆਂਬੱਧੀ ਬਿਠਾ ਕੇ ਸ਼ਾਮ ਨੂੰ ਬਿਨਾਂ ਖਾਦ ਦਿੱਤੇ ਵਾਪਸ ਘਰਾਂ ਨੂੰ ਤੋਰ ਦਿੱਤੇ ਜਾਂਦੇ ਹਨ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਜਲਦੀ ਤੋਂ ਜਲਦੀ ਲੋੜੀਂਦੀ ਖਾਦ ਦਾ ਪ੍ਰਬੰਧ ਕੀਤਾ ਜਾਵੇ।