ਚਰਨਜੀਤ ਭੁੱਲਰ
ਚੰਡੀਗੜ੍ਹ, 28 ਅਕਤੂਬਰ
ਪੰਜਾਬ ਵਿੱਚ ਐਤਕੀਂ ਡੀਏਪੀ ਖਾਦ ਦਾ ਸੰਕਟ ਬਣ ਗਿਆ ਹੈ ਅਤੇ ਕਿਸਾਨ ਕਣਕ ਦੀ ਬਿਜਾਈ ਤੋਂ ਪੱਛੜਨ ਲੱਗੇ ਹਨ। ਕਣਕ ਦੀ ਬਿਜਾਈ 15 ਨਵੰਬਰ ਤੱਕ ਚੱਲਣੀ ਹੈ ਪ੍ਰੰਤੂ ਪੇਂਡੂ ਸਹਿਕਾਰੀ ਸਭਾਵਾਂ ਕੋਲ ਡੀਏਪੀ ਖਾਦ ਲੋੜੀਂਦੀ ਮਾਤਰਾ ਵਿੱਚ ਉਪਲੱਬਧ ਨਹੀਂ ਹੈ। ਸਮੁੱਚੀ ਕਿਸਾਨੀ ਲਈ ਇਹ ਤੋਟ ਵੱਡੀ ਪ੍ਰੇਸ਼ਾਨੀ ਬਣ ਰਹੀ ਹੈ ਅਤੇ ਦੂਸਰੇ ਪਾਸੇ ਖਾਦ ਡੀਲਰਾਂ ਵੱਲੋਂ ਖਾਦ ਦੀ ਕਮੀ ਦਾ ਲਾਹਾ ਲਿਆ ਜਾ ਰਿਹਾ ਹੈ। ਕਿਸਾਨ ਪਿੰਡਾਂ ਦੀਆਂ ਸਹਿਕਾਰੀ ਸਭਾਵਾਂ ਦੇ ਚੱਕਰ ਕੱਟ ਰਹੇ ਹਨ। ਜਾਣਕਾਰੀ ਅਨੁਸਾਰ ਪੰਜਾਬ ਵਿੱਚ 30 ਨਵੰਬਰ ਤੱਕ 7.50 ਲੱਖ ਮੀਟਰਿਕ ਟਨ ਡੀਏਪੀ ਖਾਦ ਦੀ ਲੋੜ ਹੈ ਜਦੋਂ ਕਿ ਪਹਿਲੀ ਅਪਰੈਲ ਤੋਂ ਹੁਣ ਤੱਕ 5.10 ਲੱਖ ਮੀਟਰਿਕ ਟਨ ਡੀਏਪੀ ਖਾਦ ਉਪਲੱਬਧ ਹੋਈ ਹੈ। ਨਵੀਂ ਸਰਕਾਰ ਨੇ ਇਸ ਵਾਰ ਨਵਾਂ ਤਜਰਬਾ ਕੀਤਾ ਹੈ ਕਿ ਸਹਿਕਾਰੀ ਸਭਾਵਾਂ ਨੂੰ ਖਾਦ ਦੀ ਸਪਲਾਈ ਕਰਨ ਵਿੱਚ ਇਫਕੋ ਦੀ ਹਿੱਸੇਦਾਰੀ ਵਿੱਚ ਵਾਧਾ ਕੀਤਾ ਹੈ ਅਤੇ ਇਫਕੋ ਹੀ ਪੇਂਡੂ ਸਹਿਕਾਰੀ ਸਭਾਵਾਂ ਨੂੰ ਖਾਦ ਦੀ ਸਪਲਾਈ ਕਰਨ ਵਿੱਚ ਪੱਛੜ ਰਿਹਾ ਹੈ। ਪਿਛਲੇ ਵਰ੍ਹਿਆਂ ਵਿੱਚ ਪੇਂਡੂ ਸਹਿਕਾਰੀ ਸਭਾਵਾਂ ਨੂੰ 75 ਫ਼ੀਸਦੀ ਖਾਦ ਮਾਰਕਫੈੱਡ ਸਪਲਾਈ ਕਰਦਾ ਸੀ ਜਦੋਂ ਕਿ 25 ਫ਼ੀਸਦੀ ਖਾਦ ਦੀ ਸਪਲਾਈ ਇਫਕੋ ਵੱਲੋਂ ਦਿੱਤੀ ਜਾਂਦੀ ਸੀ। ਇਸ ਵਾਰ ਸਹਿਕਾਰਤਾ ਵਿਭਾਗ ਨੇ ਇਫਕੋ ਦੀ ਖਾਦ ਸਪਲਾਈ ਵਿੱਚ ਹਿੱਸੇਦਾਰੀ ਵਧਾ ਕੇ 35 ਫ਼ੀਸਦੀ ਕਰ ਦਿੱਤੀ ਹੈ। ਸੂਬੇ ਵਿੱਚ ਤਕਰੀਬਨ 3500 ਪੇਂਡੂ ਸਹਿਕਾਰੀ ਸਭਾਵਾਂ ਹਨ, ਜਿਨ੍ਹਾਂ ਨੂੰ ਇਫਕੋ ਨੇ ਕੁੱਲ 1.08 ਲੱਖ ਮੀਟਰਿਕ ਟਨ ਡੀਏਪੀ ਦੀ ਸਪਲਾਈ ਕਰਨੀ ਸੀ ਪ੍ਰੰਤੂ ਇਫਕੋ ਨੇ ਕਰੀਬ 30 ਹਜ਼ਾਰ ਮੀਟਰਿਕ ਟਨ ਦੀ ਸਪਲਾਈ ਕੀਤੀ ਹੈ। ਮਾਰਕਫੈੱਡ ਵੱਲੋਂ ਸਹਿਕਾਰੀ ਸਭਾਵਾਂ ਨੂੰ 1.95 ਲੱਖ ਮੀਟਰਿਕ ਟਨ ਡੀਏਪੀ ਸਪਲਾਈ ਕੀਤੀ ਜਾਣੀ ਸੀ ਅਤੇ ਹੁਣ ਤੱਕ ਮਾਰਕਫੈੱਡ 1.40 ਲੱਖ ਮੀਟਰਿਕ ਟਨ ਡੀਏਪੀ ਸਹਿਕਾਰੀ ਸਭਾਵਾਂ ਨੂੰ ਦੇ ਚੁੱਕਿਆ ਹੈ। ਇਸ ਨਜ਼ਰੀਏ ਤੋਂ ਦੇਖੀਏ ਤਾਂ ਮਾਰਕਫੈੱਡ ਦੀ ਸਪਲਾਈ ਬਿਹਤਰ ਜਾਪਦੀ ਹੈ। ਕੌਮਾਂਤਰੀ ਬਾਜ਼ਾਰ ਵਿੱਚ ਖਾਦ ਦੇ ਭਾਅ ਉੱਚੇ ਹਨ ਅਤੇ 80 ਫ਼ੀਸਦੀ ਖਾਦ ਭਾਰਤ ਵਿਦੇਸ਼ਾਂ ਤੋਂ ਲਿਆਉਂਦਾ ਹੈ। ਕੁਝ ਸਮਾਂ ਪਹਿਲਾਂ ਕੌਮਾਂਤਰੀ ਮਾਰਕੀਟ ਵਿੱਚ ਡੀਏਪੀ 1050 ਡਾਲਰ ਪ੍ਰਤੀ ਐੱਮਟੀਸੀ ਅਤੇ ਹੁਣ ਇਹ ਭਾਅ 700 ਡਾਲਰ ਪ੍ਰਤੀ ਮੀਟਰਿਕ ਟਨ ’ਤੇ ਆ ਗਿਆ ਹੈ। ਇਸ ਦੇ ਬਾਵਜੂਦ ਸਪਲਾਈ ਢੁਕਵੀਂ ਮਿਲ ਨਹੀਂ ਰਹੀ ਹੈ। ਪ੍ਰਾਈਵੇਟ ਡੀਲਰਾਂ ਕੋਲ ਕਰੀਬ 80 ਹਜ਼ਾਰ ਮੀਟਰਿਕ ਟਨ ਡੀਏਪੀ ਖਾਦ ਪਹੁੰਚੀ ਹੈ। ਬੀਕੇਯੂ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਆਖਦੇ ਹਨ ਕਿ ਪੰਜਾਬ ਸਰਕਾਰ ਕਣਕ ਦੀ ਬਿਜਾਈ ਤੋਂ ਪਹਿਲਾਂ ਡੀਏਪੀ ਦੀ ਢੁੱਕਵੀਂ ਸਪਲਾਈ ਯਕੀਨੀ ਨਹੀਂ ਬਣਾ ਸਕੀ ਹੈ ਅਤੇ ਨਿੱਜੀ ਖਾਦ ਡੀਲਰ ਕਿਸਾਨਾਂ ਦੀ ਲੁੱਟ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕਈ ਸ਼ਹਿਰਾਂ ਵਿੱਚ ਪ੍ਰਾਈਵੇਟ ਡੀਲਰ ਕਿਸਾਨਾਂ ’ਤੇ ਖਾਦ ਦੇ ਨਾਲ ਹੋਰ ਕੀਟਨਾਸ਼ਕ ਦੀ ਵਿਕਰੀ ਥੋਪ ਰਹੇ ਹਨ। ਖੇਤੀ ਮਾਹਿਰ ਆਖਦੇ ਹਨ ਕਿ ਕਣਕ ਦੀ ਬਿਜਾਈ ਵਿੱਚ ਸਿਰਫ਼ 20 ਦਿਨ ਬਾਕੀ ਬਚੇ ਹਨ ਅਤੇ ਇਨ੍ਹਾਂ ਦਿਨਾਂ ਦੌਰਾਨ ਡੀਏਪੀ ਦੀ ਸਪਲਾਈ ਨਾ ਹੋਈ ਤਾਂ ਕਿਸਾਨਾਂ ਦੀ ਅਗਲੀ ਫ਼ਸਲ ਦੇ ਝਾੜ ’ਤੇ ਵੀ ਅਸਰ ਪਵੇਗਾ। ਸਹਿਕਾਰੀ ਸਭਾਵਾਂ ਦੇ ਸਕੱਤਰ ਦੱਸਦੇ ਹਨ ਕਿ ਕਿਸਾਨ ਡੀਏਪੀ ਦੀ ਤੋਟ ਕਰ ਕੇ ਉਨ੍ਹਾਂ ਨਾਲ ਝਗੜ ਰਹੇ ਹਨ। ਸਹਿਕਾਰੀ ਸਭਾਵਾਂ ਤੋਂ ਕਿਸਾਨ ਉਧਾਰ ਖਾਦ ਚੁੱਕਦੇ ਹਨ।
ਖਾਦ ਦੇ ਦੋ ਰੈਕ ਹੋਰ ਪੁੱਜ ਰਹੇ ਨੇ: ਇਫਕੋ ਮੈਨੇਜਰ
ਇਫਕੋ ਦੇ ਸਟੇਟ ਮਾਰਕੀਟਿੰਗ ਮੈਨੇਜਰ ਹਰਮੇਲ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਵੱਲੋਂ ਇਫਕੋ ਨੂੰ ਢੁਕਵੀਂ ਐਲੋਕੇਸ਼ਨ ਨਹੀਂ ਕੀਤੀ ਗਈ ਹੈ, ਜਿਸ ਕਰ ਕੇ ਥੋੜ੍ਹੀ ਦਿੱਕਤ ਆਈ ਹੈ। ਉਨ੍ਹਾਂ ਦੱਸਿਆ ਕਿ ਦੋ ਦਿਨਾਂ ਦੌਰਾਨ ਖਾਦ ਦੇ ਦੋ ਰੈਕ ਹੋਰ ਪੁੱਜ ਜਾਣਗੇ ਜਿਸ ਨਾਲ ਸਮੱਸਿਆ ਘੱਟ ਜਾਵੇਗੀ। ਉਨ੍ਹਾਂ ਦੱਸਿਆ ਕਿ ਇਫਕੋ ਕਰੀਬ 39 ਹਜ਼ਾਰ ਮੀਟਰਿਕ ਟਨ ਦੀ ਸਪਲਾਈ ਕਰ ਦੇਵੇਗੀ। ਮੁਕਤਸਰ ਅਤੇ ਮੋਗਾ ਵਿੱਚ ਦੋ ਰੈਕ ਖਾਦ ਪੁੱਜ ਰਹੀ ਹੈ।