ਜਗਮੋਹਨ ਸਿੰਘ
ਰੂਪਨਗਰ, 10 ਅਕਤੂਬਰ
ਇੱਥੋਂ ਦੇ ਨੇੜਲੇ ਪਿੰਡ ਬਿੰਦਰਖ ਵਿੱਚ ਗੁਰਦੁਆਰਾ ਸ੍ਰੀ ਤਪ ਅਸਥਾਨ ਬਾਬਾ ਅਮਰਨਾਥ ਜੀ ਬਿੰਦਰਖ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 21ਵਾਂ ਦੰਗਲ ਕਰਵਾਇਆ ਗਿਆ। ਪ੍ਰਬੰਧਕ ਕਮੇਟੀ ਪ੍ਰਧਾਨ ਬਲਵਿੰਦਰ ਸਿੰਘ ਦੀ ਦੇਖ-ਰੇਖ ਅਧੀਨ ਕਰਵਾਏ ਗਏ ਦੰਗਲ ਦੌਰਾਨ 150 ਪਹਿਲਵਾਨਾਂ ਨੇ ਆਪਣੀ ਕੁਸ਼ਤੀ ਦੇ ਜੌਹਰ ਦਿਖਾਏ। ਝੰਡੀ ਦੀ ਇੱਕ ਲੱਖ ਰੁਪਏ ਇਨਾਮੀ ਰਾਸ਼ੀ ਵਾਲੀ ਕੁਸ਼ਤੀ ਲਈ ਮੁਕਾਬਲਾ ਜਤਿੰਦਰ ਪਥਰੇੜੀ ਤੇ ਭੁਪਿੰਦਰ ਅਜਨਾਲਾ ਵਿਚਕਾਰ ਹੋਇਆ। ਲਗਭਗ ਅੱਧੇ ਘੰਟੇ ਦੇ ਘੋਲ ਮਗਰੋਂ ਜਦੋਂ ਜਿੱਤ ਹਾਰ ਦਾ ਨਬੇੜਾ ਨਾ ਹੋਇਆ ਤਾਂ ਪ੍ਰਬੰਧਕਾਂ ਵੱਲੋਂ 5 ਮਿੰਟਾਂ ਦਾ ਵਾਧੂ ਸਮਾਂ ਦਿੱਤਾ ਗਿਆ। ਵਾਧੂ ਸਮਾਂ ਪੂਰਾ ਹੋਣ ’ਤੇ ਪ੍ਰਬੰਧਕਾਂ ਵੱਲੋਂ ਪਹਿਲਵਾਨਾਂ ਦਾ ਘੋਲ ਬਰਾਬਰੀ ’ਤੇ ਛੁਡਵਾ ਦਿੱਤਾ ਗਿਆ। ਇਸ ਮੌਕੇ ਬੱਚਿਆਂ ਦੇ ਵੱਖ ਵੱਖ ਉਮਰ ਵਰਗਾਂ ਦੇ ਦੌੜ ਮੁਕਾਬਲੇ ਕਰਵਾਏ ਗਏ, ਜਿਸ ਦੌਰਾਨ ਬਿੰਦਰਖ ਅਤੇ ਨੇੜਲੇ ਪਿੰਡਾਂ ਦੇ ਬੱਚਿਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਦੰਗਲ ਨੂੰ ਸਫਲ ਬਣਾਉਣ ਲਈ ਪ੍ਰਧਾਨ ਬਲਵਿੰਦਰ ਸਿੰਘ, ਗੁਰਇਕਬਾਲ ਸਿੰਘ ਜੇ.ਈ., ਪਾਲ ਸਿਘ ਫੌਜੀ, ਸੁਰਮੁੱਖ ਸਿੰਘ,ਹਰਜਿੰਦਰ ਸਿੰਘ, ਹਰਮਿੰਦਰ ਸਿੰਘ, ਕੁਲਦੀਪ ਸਿੰਘ, ਰਣਜੀਤ ਸਿੰਘ ਆਦਿ ਕਮੇਟੀ ਮੈਂਬਰਾਂ ਤੋਂ ਇਲਾਵਾ ਸਰਪੰਚ ਹਰਜਿੰਦਰ ਕੌਰ, ਸਰਜੀਤ ਸਿੰਘ ਤੇ ਪ੍ਰਿਤਪਾਲ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਜੈ਼ਲਦਾਰ ਸਤਵਿੰਦਰ ਸਿੰਘ ਚੈੜੀਆਂ, ਸੁਖਦੇਵ ਸਿੰਘ ਬਲਾਕ ਪ੍ਰਧਾਨ ਆਪ, ਸੁਖਵਿੰਦਰ ਸਿੰਘ ਪ੍ਰਧਾਨ ਘਾੜ ਕਲੱਬ, ਭਾਜਪਾ ਆਗੂ ਅਜੇਵੀਰ ਸਿੰਘ ਲਾਲਪੁਰਾ, ਸਰਪੰਚ (ਰੋਡਮਾਜਰਾ ਚੱਕਲਾਂ) ਬਿੱਟੂ ਬਾਜਵਾ, ਯੂਥ ਕਲੱਬ ਬਿੰਦਰਖ ਦੇ ਚੇਅਰਮੈਨ ਮਹਿੰਦਰ ਸਿੰਘ ਬੈਂਸ ਹਾਂਗਕਾਂਗ ਆਦਿ ਹਾਜ਼ਰ ਸਨ।