ਪੱਤਰ ਪ੍ਰੇਰਕ
ਮੋਰਿੰਡਾ, 14 ਅਗਸਤ
ਪਿੰਡ ਮੜੌਲੀ ਕਲਾਂ ਵਿੱਚ ਗੁੱਗਾ ਮਾੜੀ ’ਤੇ ਦੰਗਲ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ’ਚ ਵੱਖ-ਵੱਖ ਥਾਵਾਂ ਤੋਂ ਪਹਿਲਵਾਨ ਪਹੁੰਚੇ। ਕਰਨੈਲ ਸਿੰਘ ਮਾਨ ਨੇ ਦੱਸਿਆ ਕਿ ਦੰਗਲ ਮੌਕੇ ਵਿਧਾਇਕ ਡਾ. ਚਰਨਜੀਤ ਸਿੰਘ ਨੇ ਸ਼ਿਰਕਤ ਕੀਤੀ ਅਤੇ ਝੰਡੀ ਦੀ ਕੁਸ਼ਤੀ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਦੱਸਿਆ ਕਿ ਛੋਟੀ ਝੰਡੀ ਦੀ ਕੁਸ਼ਤੀ ਕਮਲਜੀਤ ਸਿੰਘ ਡੂਮਛੇੜੀ ਅਤੇ ਧਰਮਿੰਦਰ ਸਿੰਘ ਕੋਟਲੀ ਦਰਮਿਆਨ ਹੋਈ, ਜਿਸ ਵਿਚ ਧਰਮਿੰਦਰ ਸਿੰਘ ਕੋਟਲੀ ਜੇਤੂ ਰਿਹਾ। ਇਸੇ ਤਰ੍ਹਾਂ ਇੱਕ ਲੱਖ ਰੁਪਏ ਦੇ ਇਨਾਮ ਵਾਲੀ ਝੰਡੀ ਦੀ ਕੁਸ਼ਤੀ ਵਿੱਚ ਭੁਪਿੰਦਰ ਸਿੰਘ ਅਜਨਾਲਾ ਨੇ ਸੋਨੂੰ ਦਿੱਲੀ ਨੂੰ ਚਿੱਤ ਕਰ ਦਿੱਤਾ। ਜਦਕਿ ਵੱਡੀ ਝੰਡੀ ਦੀ 1.5 ਲੱਖ ਰੁਪਏ ਦੇ ਇਨਾਮ ਵਾਲੀ ਕੁਸ਼ਤੀ ਲਈ ਪਰਦੀਪ ਜ਼ੀਰਕਪੁਰ ਤੇ ਉਮੇਸ਼ ਮਥੁਰਾ ਦਰਮਿਆਨ ਹੋਏ ਜ਼ਬਰਦਸਤ ਮੁਕਾਬਲੇ ਵਿੱਚ ਇਹ ਦੋਨੋਂ ਪਹਿਲਵਾਨ ਬਰਾਬਰ ਰਹੇ। ਇਸ ਮੌਕੇ ਸਰਪੰਚ ਬਲਜੀਤ ਸਿੰਘ ਮੜੌਲੀ ਕਲਾਂ, ਸਾਬਕਾ ਸਰਪੰਚ ਕੁਲਦੀਪ ਸਿੰਘ ਮੜੌਲੀ ਖੁਰਦ, ਅਮਰਾਓ ਸਿੰਘ ,ਸਰਪੰਚ ਮੇਵਾ ਸਿੰਘ ਆਦਿ ਹਾਜ਼ਰ ਸਨ।