ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 15 ਅਪਰੈਲ
ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਅੱਜ ਸ਼ਾਮ 96ਵੇਂ ਕਰੋੜੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁੱਖ ਜਥੇਦਾਰ ਬਾਬਾ ਬਲਬੀਰ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸਜਾਏ ਗਏ ਰਵਾਇਤੀ ਮਹੱਲੇ ਨਾਲ ਚਾਰ ਰੋਜ਼ਾ ਪ੍ਰਸਿੱਧ ਵਿਸਾਖੀ ਮੇਲਾ ਸਮਾਪਤ ਹੋ ਗਿਆ।
ਇਸ ਤੋਂ ਪਹਿਲਾਂ ਅੱਜ ਸਵੇਰੇ ਸ਼੍ਰੋਮਣੀ ਕਮੇਟੀ ਵੱਲੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਮਹੱਲਾ ਕੱਢਿਆ ਗਿਆ। ਇਸ ਮੌਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਬੋਧਨ ਕੀਤਾ। ਨਿਹੰਗ ਸਿੰਘ ਜਥੇਬੰਦੀਆਂ ਨੇ ਬਾਅਦ ਦੁਪਹਿਰ ਮਹੱਲਾ ਕੱਢਿਆ। ਨੀਲੇ ਬਾਣਿਆਂ ਵਿੱਚ ਸਜੇ ਨਿਹੰਗ ਸਿੰਘ ਸ਼ਿੰਗਾਰੇ ਹੋਏ ਘੋੜਿਆਂ, ਊਠਾਂ ਅਤੇ ਹਾਥੀਆਂ ’ਤੇ ਸਵਾਰ ਹੋ ਕੇ ਪਹਿਲਾਂ ਨਿਹੰਗਾਂ ਸਿੰਘਾਂ ਦੀ ਮੁੱਖ ਛਾਉਣੀ ਗੁਰਦੁਆਰਾ ਦੇਗਸਰ ਬੇਰ ਸਾਹਿਬ ਵਿਖੇ ਇਕੱਠੇ ਹੋਏ। ਇੱਥੋਂ ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿੱਚ ਅਰਦਾਸ ਕਰਨ ਮਗਰੋਂ ਮਹੱਲਾ ਰਵਾਨਾ ਹੋਇਆ, ਜੋ ਤਖ਼ਤ ਸਾਹਿਬ ਦੀ ਪਰਿਕਰਮਾ ਕਰਕੇ ਅਤੇ ਇਤਿਹਾਸਕ ਗੁਰਦੁਆਰਾ ਮਹੱਲਸਰ ਵਿਖੇ ਮੱਥਾ ਟੇਕ ਦੇ ਸਥਾਨਕ ਬੱਸ ਅੱਡੇ ਕੋਲ ਖੁੱਲ੍ਹੇ ਮੈਦਾਨ ਵਿੱਚ ਪੁੱਜਿਆ। ਇੱਥੇ ਵੱਖ ਵੱਖ ਨਿਹੰਗ ਸਿੰਘ ਜਥੇਬੰਦੀਆਂ ਦੇ ਨਿਹੰਗ ਸਿੰਘਾਂ ਨੇ ਘੋੜ ਸਵਾਰੀ, ਕਿੱਲਾ ਪੁੱਟਣ ਅਤੇ ਗਤਕੇ ਦੇ ਕਰਤੱਵ ਦਿਖਾਏ। ਇਸ ਮੌਕੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਵੀ ਹੋਈਆਂ।
ਤੇਜ਼ ਰਫ਼ਤਾਰ ਕਾਰ ਵੱਲੋਂ ਟੱਕਰ ਮਾਰਨ ’ਤੇ ਨਿਹੰਗ ਸਿੰਘ ਤੇ ਘੋੜਾ ਜ਼ਖ਼ਮੀ
ਨਿਹੰਗ ਸਿੰਘਾਂ ਦੇ ਰਵਾਇਤੀ ਮਹੱਲੇ ਦੀ ਸਮਾਪਤੀ ਮਗਰੋਂ ਆਪਣੇ ਪੜਾਅ ਵੱਲ ਵਾਪਸ ਜਾ ਰਹੇ ਇੱਕ ਘੋੜ ਸਾਰ ਨਿਹੰਗ ਸਿੰਘ ਨੂੰ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰੀ, ਜਿਸ ਕਾਰਨ ਨਿਹੰਗ ਸਿੰਘ ਜ਼ਖ਼ਮੀ ਹੋ ਗਿਆ ਅਤੇ ਘੋੜੇ ਦੀ ਪਿਛਲੀ ਲੱਤ ਟੁੱਟ ਗਈ ਅਤੇ ਉਸ ਦੀ ਪਿੱਠ ਵਿੱਚ ਗੰਭੀਰ ਸੱਟ ਲੱਗੀ। ਜ਼ਖ਼ਮੀ ਹੋਏ ਦਸਮੇਸ਼ ਤਰਨਾ ਦਲ ਨਾਲ ਸਬੰਧਤ ਨਿਹੰਗ ਸਿੰਘ ਜਸਵੰਤ ਸਿੰਘ ਉਰਫ ਸ਼ਿੰਦਾ(52) ਪੁੱਤਰ ਰਾਜ ਸਿੰਘ ਵਾਸੀ ਲੰਡੇ ਜ਼ਿਲ੍ਹਾ ਮੋਗਾ ਨੂੰ ਸਾਥੀਆਂ ਨੇ ਐਂਬੂਲੈਂਸ ਰਾਹੀਂ ਸਥਾਨਕ ਸਿਵਲ ਹਸਪਤਾਲ ਲਿਆਂਦਾ, ਜਿੱਥੋਂ ਡਾਕਟਰਾਂ ਨੇ ਉਸ ਨੂੰ ਮੁੱਢਲੀ ਸਹਾਇਤਾ ਦੇ ਕੇ ਬਠਿੰਡਾ ਲਈ ਰੈਫਰ ਕਰ ਦਿੱਤਾ।