ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 19 ਅਕਤੂਬਰ
ਪੰਜਾਬ ਸਰਕਾਰ ਵੱਲੋਂ ਜੋਤੀ ਸਰੂਪ ਮੋੜਾਂ ਤੋਂ ਗੁਰਦੁਆਰਾ ਜੋਤੀ ਸਰੂਪ ਤੱਕ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਥੀਮ ਪਾਰਕ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਨੁਕਸਾਨ ਪਹੁੰਚਾਉਣਾ ਬਹੁਤ ਹੀ ਨਿੰਦਣਯੋਗ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਇਸ ਮਾਮਲੇ ਨੂੰ ਲੈ ਕੇ ਸੰਗਤ ਵੱਲੋਂ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਤੋਂ ਗੁਰਦੁਆਰਾ ਜੋਤੀ ਸਰੂਪ ਤੱਕ ਜਾਂਦੀ ਸੜਕ ਦਾ ਸੁੰਦਰੀਕਰਨ ਕਰਕੇ ਮੋੜਾਂ ’ਤੇ ਚੌਕ ਬਣਾਇਆ ਜਾਣਾ ਹੈ ਉੱਥੇ ਸਿੱਖ ਇਤਿਹਾਸ ਨਾਲ ਸਬੰਧਿਤ ਓਪਨ ਮਿਊਜ਼ੀਅਮ ਵੀ ਉਸਾਰਿਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਗੁਰਦੁਆਰੇ ਦੇ ਮੈਨੇਜਰ ਨੇ ਕੁੱਝ ਵਿਅਕਤੀਆਂ ਨਾਲ ਰਲ ਕੇ ਪ੍ਰਾਜੈਕਟਾਂ ਨੂੰ ਢਾਅ ਦਿੱਤਾ ਹੈ, ਜਿਸ ਨਾਲ ਸਿੱਖ ਸੰਗਤ ਵਿਚ ਰੋਸ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਕੰਮ ਵਿਚ ਰੁਕਾਵਟ ਪਾਉਣ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾਵੇ।
ਕੀ ਕਹਿਣਾ ਹੈ ਮੈਨੇਜਰ ਦਾ
ਗੁਰਦੁਆਰੇ ਦੇ ਮੈਨੇਜਰ ਕਰਮ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਗੁਰਦੁਆਰਾ ਜੋਤੀ ਸਰੂਪ ਮੋੜ ਤੋਂ ਲੈ ਕੇ ਇੰਜਨੀਅਰਿੰਗ ਕਾਲਜ ਦੀ ਚਾਰਦੀਵਾਰੀ ਦੇ ਨਾਲ ਦੀ ਜਗ੍ਹਾ ਸ਼੍ਰੋਮਣੀ ਕਮੇਟੀ ਦੀ ਮਲਕੀਅਤੀ ਹੈ ਜਿੱਥੇ ਕਿ ਸ਼ਹੀਦੀ ਸਭਾ ਮੌਕੇ ਲੰਗਰ ਲਗਾਏ ਜਾਂਦੇ ਹਨ, ਪਰ ਪੁਰਾਤਨ ਵਿਭਾਗ ਦੇ ਜੇਈ ਅਤੇ ਠੇਕੇਦਾਰ ਵੱਲੋਂ ਇਸ ਥਾਂ ਉੱਪਰ 4-4 ਫੁੱਟ ਦੀਆਂ ਦੀਵਾਰਾਂ ਕਰ ਦਿੱਤੀਆਂ, ਜਿਸ ਨੂੰ ਰੋਕਣ ਲਈ ਕਹਿਣ ’ਤੇ ਉਨ੍ਹਾਂ ਇਸ ਨੂੰ ਪੱਧਰ ਕਰਨ ਦਾ ਭਰੋਸਾ ਦਿੱਤਾ ਸੀ ਤੇ ਕੰਮ ਬੰਦ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਵਿਧਾਇਕ ਨਾਗਰਾ ਨੂੰ ਸ਼੍ਰੋਮਣੀ ਕਮੇਟੀ ਦੀਆਂ ਕਾਰਜਾਂ ਵਿਚ ਦਖ਼ਲ ਅੰਦਾਜ਼ੀ ਕਰਕੇ ਸਿਆਸੀ ਲਾਹਾ ਨਹੀਂ ਲੈਣਾ ਚਾਹੀਦਾ।