ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 12 ਅਕਤੂਬਰ
ਦਲਿਤ ਸਿੱਖ ਜਥੇਬੰਦੀਆਂ ਅਤੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਅੱਜ ਇੱਥੇ ਦਲਿਤ ਸਿੱਖਾਂ ਨੂੰ ਦਰਬਾਰ ਸਾਹਿਬ ਦੇ ਬੇਰੋਕ ਦਰਸ਼ਨ ਦੀਦਾਰੇ ਕਰਨ ਦੀ ਮਿਲੀ ਖੁੱਲ੍ਹ ਦਾ 101ਵਾਂ ਵਰ੍ਹਾਂ ਮਨਾਇਆ ਗਿਆ। ਇਸ ਮੌਕੇ ਸ਼ੁਕਰਾਨੇ ਦੀ ਅਰਦਾਸ ਕੀਤੀ ਗਈ ਤੇ ਵਿਚਾਰ ਗੋਸ਼ਟੀ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਸਬੰਧ ਵਿਚ ਪੰਜ ਗੁਰਸਿੱਖਾਂ ਦੀ ਅਗਵਾਈ ਹੇਠ ਸਿੱਖ ਆਗੂ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਲਈ ਗਏ। । ਭਾਈ ਗੁਰਦਾਸ ਹਾਲ ’ਚ ਕੀਤੀ ਗੋਸ਼ਟੀ ਵਿੱਚ ਸਿੱਖ ਆਗੂਆਂ ਤੇ ਵਿਦਵਾਨਾਂ ਨੇ ਵਿਚਾਰ ਪੇਸ਼ ਕੀਤੇ। ਦਲਿਤ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਮੰਗ ਕੀਤੀ ਕਿ ਬਾਬਾ ਜੀਵਨ ਸਿੰਘ ਦਾ ਨਾਂ ਗੜ੍ਹੀ ਚਮਕੌਰ ਦੇ ਸ਼ਹੀਦਾਂ ਦੇ ਨਾਵਾਂ ਵਿੱਚ ਸ਼ਾਮਲ ਕੀਤਾ ਜਾਵੇ, ਸਿੱਖ ਸੰਸਥਾਵਾਂ ਵੱਲੋਂ ਦਲਿਤ ਸਿੱਖਾਂ ਖ਼ਿਲਾਫ਼ ਕੀਤੇ ਜਾ ਰਹੇ ਵਿਤਕਰੇ ਖ਼ਿਲਾਫ਼ ਅਕਾਲ ਤਖ਼ਤ ਤੋਂ ਸਖ਼ਤ ਕਾਰਵਾਈ ਵਾਲਾ ਹੁਕਮਨਾਮਾ ਜਾਰੀ ਕੀਤਾ ਜਾਵੇ।