ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 1 ਅਗਸਤ
ਦਲ ਖਾਲਸਾ ਦੇ ਆਗੂ ਭਾਈ ਗਜਿੰਦਰ ਸਿੰਘ ਦੀ ਭਾਰਤ ਵਿਚ ਨਵੀਂ ਫੇਸਬੁਕ ਆਈਡੀ ਮੁੜ ਬਲਾਕ ਕਰ ਦਿੱਤੀ ਗਈ ਹੈ। ਇਹ ਖੁਲਾਸਾ ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਵਲੋਂ ਕੀਤਾ ਗਿਆ ਹੈ। ਗਜਿੰਦਰ ਸਿੰਘ ਦਲ ਖਾਲਸਾ ਦੇ ਬਾਨੀ ਆਗੂਆਂ ਵਿਚੋਂ ਹਨ ਅਤੇ ਇਸ ਵੇਲੇ ਸਰਪ੍ਰਸਤ ਵੀ ਹਨ। ਜਥੇਬੰਦੀ ਦੇ ਬੁਲਾਰੇ ਨੇ ਦਸਿਆ ਕਿ ਉਨ੍ਹਾਂ ਦੀ ਫੇਸਬੁਕ ਆਈਡੀ ਹੋਰ ਮੁਲਕਾਂ ਵਿਚ ਖੁੱਲ੍ਹ ਰਹੀ ਹੈ ਪਰ ਭਾਰਤ ਵਿਚ ਇਸ ’ਤੇ ਰੋਕ ਲਾ ਦਿੱਤੀ ਗਈ ਹੈ। ਭਾਈ ਗਜਿੰਦਰ ਸਿੰਘ 29 ਸਤੰਬਰ 1981 ਨੂੰ ਸਿੱਖ ਮੰਗਾਂ ਸਬੰਧੀ ਭਾਰਤੀ ਹਵਾਈ ਜਹਾਜ ਅਗਵਾਹ ਕਰਨ ਵਾਲੇ ਸਿੱਖਾਂ ਵਿਚ ਸ਼ਾਮਲ ਸਨ। ਇਸ ਸਬੰਧੀ ਉਨ੍ਹਾਂ ਨੂੰ ਪਾਕਿਸਤਾਨੀ ਅਦਾਲਤ ਵਲੋਂ ਸਜ਼ਾ ਦਿੱਤੀ ਜਾ ਚੁੱਕੀ ਹੈ। ਇਸ ਵਰ੍ਹੇ ਭਾਰਤ ਸਰਕਾਰ ਵਲੋਂ ਜਾਰੀ ਕੀਤੀ ਸਿੱਖ ਅਤਿਵਾਦੀਆਂ ਦੀ ਸੂਚੀ ਵਿਚ ਗਜਿੰਦਰ ਸਿੰਘ ਦਾ ਨਾਂ ਸ਼ਾਮਲ ਨਹੀਂ ਸੀ।