ਜਸਬੀਰ ਸਿੰਘ ਚਾਨਾ
ਫਗਵਾੜਾ, 9 ਜਨਵਰੀ
ਸਥਾਨਕ ਮੁਹੱਲਾ ਪੀਪਾਰੰਗੀ ਵਿੱਚ ਅੱਜ ਤੜਕਸਾਰ ਦੁੱਧ ਦੀ ਡੇਅਰੀ ਦੀ ਛੱਤ ਡਿੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਤਿੰਨ ਜਣੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼, ਸਾਬਕਾ ਮੇਅਰ ਅਰੁਣ ਖੋਸਲਾ ਨੇ ਸਿਵਲ ਹਸਪਤਾਲ ਪੁੱਜ ਕੇ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ ਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ। ਮ੍ਰਿਤਕਾਂ ਦੀ ਪਛਾਣ ਮਾਲਕ ਸੁਦਰਸ਼ਨ ਕੁਮਾਰ ਪੁੱਤਰ ਰਾਮ ਪ੍ਰਕਾਸ਼ ਤੇ ਉਸ ਦੇ ਕਾਮੇ ਮਾਨ ਸਿੰਘ ਵਜੋਂ ਹੋਈ ਹੈ। ਜ਼ਖ਼ਮੀਆਂ ਦੀ ਪਛਾਣ ਬਹਾਦਰ ਪੁੱਤਰ ਜਗਦੀਸ਼, ਕਿਸ਼ਨ ਪੁੱਤਰ ਬਲਿਸਟਰ ਸਿੰਘ ਵਜੋਂ ਹੋਈ ਹੈ। ਇਸੇ ਦੌਰਾਨ ਐੱਸਡੀਐੱਮ ਕੁਲਪ੍ਰੀਤ ਸਿੰਘ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਉਨ੍ਹਾਂ ਪਸ਼ੂਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਤੇ ਪੀਡਬਲਿਊਡੀ ਅਧਿਕਾਰੀਆਂ ਨੂੰ ਇਸ ਦੀ ਤੁਰੰਤ ਜਾਂਚ ਦੇ ਹੁਕਮ ਦਿੱਤੇ। ਨਾਇਬ ਤਹਿਸੀਲਦਾਰ ਨਿਰਜੀਤ ਸਿੰਘ ਤੇ ਹੋਰ ਅਧਿਕਾਰੀ ਪੁੱਜੇ। ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਜ਼ਖਮੀਆਂ ਦਾ ਹਾਲ-ਚਾਲ ਪੁੱਛਿਆ। ਇਸ ਤੋਂ ਪਹਿਲਾਂ ਉਨ੍ਹਾਂ ਮਲਬਾ ਪਾਸੇ ਕਰਵਾ ਕੇ ਜ਼ਖ਼ਮੀਆਂ ਨੂੰ ਬਾਹਰ ਕੱਢਣ ਵਿੱਚ ਮਦਦ ਕੀਤੀ। ਸਨਅਤੀ ਖੇਤਰ ਥਾਣਾ ਇੰਚਾਰਜ ਗੁਰਜੀਤ ਕੌਰ ਨੇ ਵੀ ਘਟਨਾ ਸਥਾਨ ਦਾ ਜਾਇਜ਼ਾ ਲਿਆ। ਲੋਕਾਂ ਨੇ ਦੱਸਿਆ ਕਿ ਛੱਤ ਡਿੱਗਣ ਨਾਲ ਪਸ਼ੂ ਮਲਬੇ ਹੇਠ ਦਬ ਗਏ ਸਨ, ਜਿਨ੍ਹਾਂ ’ਚੋਂ ਦੋ ਮੱਝਾਂ ਮਰ ਗਈਆਂ।