ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 21 ਅਪਰੈਲ
ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਕੁਲਦੀਪ ਧਾਲੀਵਾਲ ਨੇ ਪੰਜਾਬ ਵਿੱਚ 12 ਮਿਲਕ ਪਲਾਂਟ ਸਥਾਪਤ ਕਰਨ ਵਾਸਤੇ ਕੌਮੀ ਡੇਅਰੀ ਵਿਕਾਸ ਬੋਰਡ ਤੋਂ 900 ਕਰੋੜ ਰੁਪਏ ਦੇ ਪੈਕੇਜ ਦੀ ਮੰਗ ਕੀਤੀ ਹੈ।
ਗੁਜਰਾਤ ਦੇ ਆਨੰਦ ਸ਼ਹਿਰ ਵਿੱਚ ਕੌਮੀ ਡੇਅਰੀ ਵਿਕਾਸ ਬੋਰਡ ਦਾ ਮੁੱਖ ਦਫ਼ਤਰ ਹੈ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਗੁਜਰਾਤ ਦੇ ਦੌਰੇ ’ਤੇ ਹਨ। ਵਜ਼ੀਰ ਕੁਲਦੀਪ ਧਾਲੀਵਾਲ ਨੇ ਗੁਜਰਾਤ ਵਿੱਚ ਕੌਮੀ ਡੇਅਰੀ ਵਿਕਾਸ ਬੋਰਡ ਦੇ ਚੇਅਰਮੈਨ ਮਨੀਸ਼ ਸ਼ਾਹ ਨਾਲ ਮੀਟਿੰਗ ਕੀਤੀ ਹੈ। ਕੌਮੀ ਡੇਅਰੀ ਵਿਕਾਸ ਬੋਰਡ ਦੇ ਚੇਅਰਮੈਨ ਮਨੀਸ਼ ਸ਼ਾਹ ਨੇ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਨੂੰ ਸੂਬੇ ਵਿੱਚ 12 ਮਿਲਕ ਪਲਾਂਟ ਸਥਾਪਤ ਕਰਨ ਲਈ ਕਰੀਬ 900 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਅਤੇ ਪੂਰਨ ਤਕਨੀਕੀ ਸਹਿਯੋਗ ਦਿੱਤਾ ਜਾਵੇਗਾ। ਸ੍ਰੀ ਧਾਲੀਵਾਲ ਨੇ ਦੱਸਿਆ ਕਿ ਐੱਨਡੀਡੀਬੀ, ਪੰਜਾਬ ਸਰਕਾਰ ਨੂੰ ਵਿੱਤੀ ਸਹਾਇਤਾ ਅਤੇ ਲੋੜੀਂਦੀ ਤਕਨੀਕੀ ਸਹਾਇਤਾ ਮੁਹੱਈਆ ਕਰਾਉਣ ਲਈ ਪੰਜਾਬ ਸਰਕਾਰ ਨਾਲ ਮਿਲ ਕੇ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ 6,000 ਪਿੰਡਾਂ ਨੂੰ ਕਵਰ ਕਰਨ ਲਈ ਪਹਿਲਾਂ ਹੀ 11 ਮਿਲਕ ਪਲਾਂਟ ਮੌਜੂਦ ਹਨ, ਇਸ ਕਦਮ ਨਾਲ ਪੰਜਾਬ ਵਿੱਚ ਮਿਲਕ ਪਲਾਂਟਾਂ ਦੀ ਗਿਣਤੀ 23 ਹੋ ਜਾਵੇਗੀ ਅਤੇ ਸੂਬੇ ਦੇ ਕੁੱਲ 12,000 ਪਿੰਡਾਂ ਨੂੰ ਕਵਰ ਕੀਤਾ ਜਾਵੇਗਾ, ਜਿਸ ਨਾਲ ਰੋਜ਼ਾਨਾ 10 ਲੱਖ ਲਿਟਰ ਵਾਧੂ ਦੁੱਧ ਦੀ ਖ਼ਰੀਦ ਕੀਤੀ ਜਾਵੇਗੀ। ਕੁਲਦੀਪ ਧਾਲੀਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਗੰਗਾਨਗਰ ਅਤੇ ਕੋਹਲਾਪੁਰ ਵਿੱਚ ਸਫ਼ਲਤਾਪੂਰਵਕ ਚੱਲ ਰਹੇ ਦੋ ਪਲਾਂਟਾਂ ਦੀ ਤਰਜ਼ ’ਤੇ ਅੰਮ੍ਰਿਤਸਰ ਵਿੱਚ 80 ਕਰੋੜ ਰੁਪਏ ਦੇ ਅਨੁਮਾਨਿਤ ਖ਼ਰਚੇ ਵਾਲਾ ਟੋਟਲ ਮਿਕਸਡ ਰਾਸ਼ਨ ਪਲਾਂਟ (ਟੀਐੱਮਆਰ) ਸਥਾਪਤ ਕੀਤਾ ਜਾਵੇਗਾ।
ਐੱਨਡੀਡੀਬੀ ਇਸ ਲਈ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕਰੇਗਾ ਅਤੇ ਇਸ ਨਾਲ ਫ਼ਸਲੀ ਰਹਿੰਦ-ਖੂੰਹਦ ਨੂੰ ਸਾੜਨ ਦੀ ਸਮੱਸਿਆ ਵੀ ਹੱਲ ਹੋ ਜਾਵੇਗੀ। ਡੇਅਰੀ ਵਿਕਾਸ ਮੰਤਰੀ ਨੇ ਅੱਗੇ ਕਿਹਾ ਕਿ ਐੱਨਡੀਆਰਆਈ ਦੀ ਤਰਜ਼ ’ਤੇ ਡੇਅਰੀ ਫਾਰਮਿੰਗ ਸਬੰਧੀ ਸਿਖਲਾਈ ਦੇਣ ਲਈ ਐੱਨਡੀਡੀਬੀ ਨੇ ਪੰਜਾਬ ਵਿੱਚ ਅਜਿਹੀ ਸੰਸਥਾ ਸਥਾਪਤ ਕਰਨ ਲਈ ਪੂਰਨ ਸਹਿਯੋਗ ਦਾ ਭਰੋਸਾ ਵੀ ਦਿੱਤਾ ਹੈ। ਮੰਤਰੀ ਨੇ ਸਹਿਯੋਗ ਲਈ ਚੇਅਰਮੈਨ ਸ਼ਾਹ ਦਾ ਧੰਨਵਾਦ ਕੀਤਾ।