ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 30 ਅਪਰੈਲ
ਬਾਬਾ ਬਲਜੀਤ ਸਿੰਘ ਦਾਦੂਵਾਲ ਤੇ ਹੋਰ ਸਿੱਖ ਜਥੇਬੰਦੀਆਂ ਵੱਲੋਂ ਅੱਜ ਇੱਥੇ ਹਰਿਮੰਦਰ ਸਾਹਿਬ ਦੇ ਸਾਹਮਣੇ ਪਲਾਜ਼ਾ ਵਿਚ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਗੋਲਡ ਮੈਡਲ ਅਤੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਕੋਟਕਪੂਰਾ ਅਤੇ ਬਹਬਿਲ ਕਲਾਂ ਗੋਲੀਕਾਂਡ ਦੀ ਜਾਂਚ ਕਰਨ ਵਾਲੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਖਿਆ ਕਿ ਉਨ੍ਹਾਂ ਨੂੰ ਨੌਕਰੀ ਜਾਣ ਦਾ ਕੋਈ ਮਲਾਲ ਨਹੀਂ, ਕਿਉਂਕਿ ਉਨ੍ਹਾਂ ਨੂੰ ਇਸ ਦਾ ਪਹਿਲਾਂ ਹੀ ਅੰਦਾਜ਼ਾ ਸੀ।
ਉਨ੍ਹਾਂ ਕਿਹਾ ਕਿ ਇਹ ਜਾਂਚ ਰਿਪੋਰਟ ਫ਼ਰੀਦਕੋਟ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਵਿੱਚ ਸੌਂਪੀ ਸੀ ਪਰ ਇਸ ਸਬੰਧੀ ਫ਼ੈਸਲਾ ਹਾਈ ਕੋਰਟ ਵੱਲੋਂ ਦਿੱਤਾ ਗਿਆ ਹੈ। ਉਹ ਇਹ ਸਮਝਣ ਵਿੱਚ ਅਸਮਰਥ ਹਨ ਕਿ ਇਹ ਰਿਪੋਰਟ ਹਾਈ ਕੋਰਟ ਵਿੱਚ ਕਿਵੇਂ ਪੁੱਜੀ ਹੈ ਜਾਂ ਬਿਨਾਂ ਰਿਪੋਰਟ ਦੇਖਿਓ ਹੀ ਅਜਿਹਾ ਫੈਸਲਾ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਫ਼ਰੀਦਕੋਟ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਵੱਲੋਂ ਜੇ ਉਨ੍ਹਾਂ ਦੇ ਗਵਾਹਾਂ ਨੂੰ ਸੁਣ ਕੇ ਅਤੇ ਸਬੂਤਾਂ ਨੂੰ ਦੇਖ ਕੇ ਇਸ ਸਬੰਧੀ ਫ਼ੈਸਲਾ ਕੀਤਾ ਜਾਂਦਾ ਤਾਂ ਉਨ੍ਹਾਂ ਨੂੰ ਕੋਈ ਦੁੱਖ ਨਾ ਹੁੰਦਾ। ਉਹ ਸੰਤੁਸ਼ਟ ਹਨ ਕਿ ਉਨ੍ਹਾਂ ਨੇ ਇਹ ਜਾਂਚ ਨਿਰਪੱਖ ਢੰਗ ਨਾਲ ਕੀਤੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਆਰਥਿਕ ਅਤੇ ਸਿਆਸੀ ਪੱਧਰ ’ਤੇ ਤਾਕਤਵਰ ਹਨ ਅਤੇ ਉਹ ਕੁਝ ਵੀ ਕਰਵਾ ਸਕਦੇ ਹਨ। ਇਸ ਮੌਕੇ ਬਾਬਾ ਦਾਦੂਵਾਲ ਨੇ ਆਖਿਆ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇਸ ਮਾਮਲੇ ਦੀ ਜਾਂਚ ਬੜੇ ਸਾਹਸ ਅਤੇ ਨਿਰਪੱਖ ਢੰਗ ਨਾਲ ਕੀਤੀ ਹੈ ਜਿਸ ਲਈ ਉਹ ਵਧਾਈ ਦੇ ਪਾਤਰ ਹਨ। ਇਸ ਲਈ ਅੱਜ ਉਨ੍ਹਾਂ ਨੂੰ ਸਿੱਖ ਕੌਮ ਵੱਲੋਂ ਗੋਲਡ ਮੈਡਲ ਦੇ ਕੇ ਸਨਮਾਨਤ ਕੀਤਾ ਗਿਆ ਹੈ ਉਹ ਇਹ ਸਨਮਾਨ ਵੱਡੇ ਸਮਾਗਮ ਵਿੱਚ ਕਰਨਾ ਚਾਹੁੰਦੇ ਸਨ ਪਰ ਕਰੋਨਾ ਕਾਰਨ ਅਜਿਹਾ ਨਹੀਂ ਕਰ ਸਕੇ। ਵੱਖ ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਸਨ ਜਿਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ, ਸ਼੍ਰੋਮਣੀ ਅਕਾਲੀ ਦਲ ਟਕਸਾਲੀ ਸ਼੍ਰੋਮਣੀ ਅਕਾਲੀ ਦਲ ਯੂਨਾਈਟੇਡ, ਫ਼ੈਡਰੇਸ਼ਨਾਂ ਤੇ ਹੋਰ ਜਥੇਬੰਦੀਆਂ ਨੇ ਆਗੂ ਸ਼ਾਮਲ ਸਨ। ਇਸ ਮੌਕੇ ਬੰਦੀ ਸਿੰਘ ਰਿਹਾਈ ਮੋਰਚਾ ਨਾਂ ਦੀ ਇੱਕ ਜਥੇਬੰਦੀ ਦੇ ਆਗੂ ਭਾਈ ਜੰਗ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਇਸ ਸਨਮਾਨ ਸਮਾਗਮ ਦਾ ਵਿਰੋਧ ਕੀਤਾ ਗਿਆ। ਉਨ੍ਹਾਂ ਸ੍ਰੀ ਦਾਦੂਵਾਲ ਤੇ ਹੋਰਨਾਂ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਅਤੇ ਪੁਤਲਾ ਵੀ ਸਾੜਿਆ। ਆਪਸੀ ਟਕਰਾਅ ਦੀ ਸੰਭਾਵਨਾ ਨੂੰ ਦੇਖਦਿਆਂ ਇੱਥੇ ਵੱਡੀ ਗਿਣਤੀ ਵਿਚ ਪੁਲੀਸ ਤਾਇਨਾਤ ਸੀ।