ਪੱਤਰ ਪ੍ਰੇਰਕ
ਘਨੌਲੀ, 14 ਅਗਸਤ
ਪੰਜਾਬ ਦੇ ਮਸ਼ਹੂਰ ਢਾਡੀ ਅਤੇ ਭਾਈ ਨੱਥਾ ਜੀ ਅਬਦੁੱਲਾ ਜੀ ਢਾਡੀ ਮਹਾਂਸਭਾ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਗਿਆਨੀ ਰਣਜੀਤ ਸਿੰਘ ਰਾਣਾ ਦਾ ਬੀਤੀ ਰਾਤ ਇਕ ਸੜਕ ਹਾਦਸੇ ’ਚ ਦੇਹਾਂਤ ਹੋ ਗਿਆ।
ਪਰਿਵਾਰਕ ਮੈਂਬਰਾਂ ਅਨੁਸਾਰ ਸ੍ਰੀ ਰਾਣਾ ਦੇ ਢਾਡੀ ਜਥੇ ਦੀ ਮੈਂਬਰ ਲੜਕੀ ਦੇ ਪਿਤਾ ਦੀ ਕੱਲ੍ਹ ਸ਼ਾਮ ਨੂੰ ਅਚਾਨਕ ਮੌਤ ਹੋ ਗਈ ਸੀ। ਇਹ ਗੱਲ ਪਤਾ ਲੱਗਣ ’ਤੇ ਸ੍ਰੀ ਰਾਣਾ ਰਾਤ ਨੂੰ ਹੀ ਆਪਣੇ ਮੋਟਰਸਾਈਕਲ ’ਤੇ ਲੁਧਿਆਣਾ ਤੋਂ ਅੱਗੇ ਪੈਂਦੇ ਲੜਕੀ ਦੇ ਪਿੰਡ ਲਈ ਰਵਾਨਾ ਹੋ ਗਏ। ਜਦੋਂ ਦੇਰ ਰਾਤ ਉਹ ਲੁਧਿਆਣਾ ਨੇੜੇ ਪੁੱਜੇ ਤਾਂ ਸੜਕ ’ਤੇ ਪਏ ਟੋਏ ਕਾਰਨ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਤੇ ਉਹ ਮੋਟਰਸਾਈਕਲ ਤੋਂ ਡਿੱਗ ਕੇ ਜ਼ਖਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਸੀਐੱਮਸੀ ਲੁਧਿਆਣਾ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਟਿੱਪਰ ਦੀ ਫੇਟ ਵੱਜਣ ਕਾਰਨ ਮਜ਼ਦੂਰ ਹਲਾਕ
ਸ੍ਰੀ ਫ਼ਤਹਿਗੜ੍ਹ ਸਾਹਿਬ (ਪੱਤਰ ਪ੍ਰੇਰਕ): ਪਿੰਡ ਤੂਰਾਂ ਤੋਂ ਪਿੰਡ ਚਤਰਪੁਰਾ ਨੂੰ ਜਾਂਦੀ ਸੜਕ ’ਤੇ ਵਾਪਰੇ ਇੱਕ ਸੜਕ ਹਾਦਸੇ ’ਚ ਇੱਕ ਮਿੱਲ ਮਜ਼ਦੂਰ ਦੀ ਮੌਤ ਹੋ ਗਈ। ਭਾਗਮਤੀ ਦੇਵੀ ਮੂਲ ਵਾਸੀ ਉੱਤਰ ਪ੍ਰਦੇਸ਼ ਨੇ ਪੁਲੀਸ ਨੂੰ ਦੱਸਿਆ ਕਿ ਉਹ ਅਤੇ ਉਸ ਦਾ ਪਤੀ ਬਾਂਕੇ ਲਾਲ ਪਿੰਡ ਚਤਰਪੁਰਾ ਵਿੱਚ ਮਿੱਲ ’ਚ ਮਜ਼ਦੂਰੀ ਕਰਦੇ ਹਨ। ਬੀਤੇ ਦਿਨੀਂ ਦੁਪਹਿਰ ਵੇਲੇ ਉਹ ਪਿੰਡ ਤੂਰਾਂ ਤੋਂ ਮੋਬਾਈਲ ਫੋਨ ਰਿਚਾਰਜ ਕਰਵਾ ਕੇ ਪਿੰਡ ਕੁੰਭ ਰਾਹੀਂ ਪੈਦਲ ਚਤਰਪੁਰਾ ਵੱਲ ਜਾ ਰਹੇ ਸਨ। ਇਸ ਦੌਰਾਂਨ ਕੁੰਭ ਵੱਲੋਂ ਆਏ ਇੱਕ ਤੇਜ਼ ਰਫਤਾਰ ਟਿੱਪਰ ਨੇ ਬਾਂਕੇ ਲਾਲ ਨੂੰ ਫੇਟ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਉਸ ਨੂੰ ਇਲਾਜ ਲਈ ਮੰਡੀ ਗੋਬਿੰਦਗੜ੍ਹ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਬਾਂਕੇ ਲਾਲ ਨੂੰ ਮ੍ਰਿਤਕ ਐਲਾਨ ਦਿੱਤਾ। ਮੰਡੀ ਗੋਬਿੰਦਗੜ੍ਹ ਦੀ ਪੁਲੀਸ ਨੇ ਟਿੱਪਰ ਚਾਲਕ ਬਲਜੀਤ ਸਿੰਘ ਵਾਸੀ ਪਿੰਡ ਹਰਬੰਸਪੁਰਾ ਵਿਰੁੱਧ ਕੇਸ ਦਰਜ ਕਰ ਲਿਆ ਹੈ।