ਨਿੱਜੀ ਪੱਤਰ ਪ੍ਰੇਰਕ
ਜਲੰਧਰ, 20 ਜੁਲਾਈ
ਸੀਪੀਆਈ ਵੱਲੋਂ ਸਥਾਨ ਦੇਸ਼ ਭਗਤ ਯਾਦਗਾਰ ਹਾਲ ਵਿੱਚ ਕਰਵਾਈ ਜਾ ਰਹੀ ਦੋ ਰੋਜ਼ਾ ਸੂਬਾਈ ਕਾਨਫਰੰਸ ਵਿੱਚ ਪਾਰਟੀ ਦੇ ਕੁੱਲ ਹਿੰਦ ਜਨਰਲ ਸਕੱਤਰ ਡੀਰਾਜਾ ਸ਼ਿਰਕਤ ਕਰਨਗੇ। 8 ਤੇ 9 ਸਤੰਬਰ ਨੂੰ ਹੋਣ ਵਾਲੀ ਇਸ ਕਾਨਫਰੰਸ ਦੀਆਂ ਤਿਆਰੀਆਂ ਸਬੰਧੀ ਅੱਜ ਇਥੇ ਮਾਸਟਰ ਹਰੀ ਸਿੰਘ ਤੇ ਕਾਮਰੇਡ ਰਸ਼ਪਾਲ ਕੈਲੇ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਇਕਾਈ ਦੀ ਮੀਟਿੰਗ ਹੋਈ। ਸੀਪੀਆਈ ਪੰਜਾਬ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਕਿਹਾ ਕਿ ਦੇਸ਼ ਦੀ ਅਜੋਕੀ ਰਾਜਨੀਤਕ ਪ੍ਰਸਥਿਤੀ ਵਿੱਚ ਸੂਬਾ ਕਾਨਫਰੰਸ ਬੜੀ ਅਹਿਮ ਹੈ। ਕਾਨਫਰੰਸ ਵਿੱਚ ਪੰਜਾਬ ਦੀ ਰਾਜਨੀਤਕ ਤੇ ਜਥੇਬੰਦਕ ਰਿਪੋਰਟ ’ਤੇ ਡੂੰਘੀ ਵਿਚਾਰ ਚਰਚਾ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਕਾਨਫਰੰਸ ਵਿੱਚ ਮਹਿੰਗਾਈ ਦੀ ਮਾਰ ਝੱਲ ਰਹੇ ਦੇਸ਼ ਵਾਸੀਆਂ ’ਤੇ ਜੀਐੱਸਟੀ ਦੇ ਰੇਟ ਵਧਾ ਕੇ ਕੇਂਦਰ ਵੱਲੋਂ ਕੀਤੇ ਗਏ ਤਸ਼ੱਦਦ ਸਣੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਸਬੰਧੀ ਕੋਈ ਨਵੀਂ ਨੀਤੀ ਨਾ ਲਿਆਉਣ ਅਤੇ ਕੇਂਦਰ ਵੱਲੋਂ ਪਹਿਲਾਂ ਤੋਂ ਜਾਰੀ ਨਰੇਗਾ ਕਾਨੂੰਨ ਨੂੰ ਬੰਦ ਕਰਨ ਦੀਆਂ ਤਿਆਰੀਆਂ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਸੀਪੀਆਈ ਪੰਜਾਬ ਦੇ ਮੀਤ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਤੇ ਜ਼ਿਲ੍ਹਾ ਸਕੱਤਰ ਰਾਜਿੰਦਰ ਮੰਡ ਐਡਵੋਕੇਟ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣਾਂ ਜਿੱਤਣ ਤੋਂ ਬਾਅਦ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਪਿੰਡ ਖੱਟਕੜ ਕਲਾਂ ਵਿੱਚ ਸਹੁੰ ਖਾ ਕੇ ਵਚਨ ਦਿੱਤਾ ਸੀ ਕਿ ਭਗਤ ਸਿੰਘ ਦੀ ਸੋਚ ਦਾ ਸਮਾਜ ਉਸਾਰਿਆ ਜਾਵੇਗਾ, ਪਰ ਹੁਣ ਤੱਕ ਸੂਬਾ ਸਰਕਾਰ ਵੱਲੋਂ ਅਜਿਹਾ ਕੋਈ ਕਾਨੂੰਨ ਨਹੀਂ ਲਿਆਂਦਾ ਗਿਆ, ਜੋ ਇਸ ਗੱਲ ਦੀ ਗਵਾਹੀ ਭਰਦਾ ਹੋਵੇ।